‘ਦ ਖ਼ਾਲਸ ਬਿਊਰੋ :- 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਘਟਨਾ ਦੇ ਮਾਮਲੇ ‘ਚ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਸੁਣਵਾਈ ਹੋਈ। ਦੀਪ ਸਿੱਧੂ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲ ਸਕੀ ਅਤੇ ਮਾਮਲੇ ਦੀ ਅਗਲੀ ਸੁਣਵਾਈ 8 ਅਪ੍ਰੈਲ ਨੂੰ ਹੋਵੇਗੀ। ਹਾਲਾਂਕਿ, ਦੀਪ ਸਿੱਧੂ ਦੀ ਜ਼ਮਾਨਤ ਰੱਦ ਨਹੀਂ ਹੋਈ ਕਿਉਂਕਿ ਜਾਣਕਾਰੀ ਮੁਤਾਬਕ ਜਿਸ ਜੱਜ ਕੋਲ ਮਾਮਲੇ ਦੀ ਸੁਣਵਾਈ ਹੋਣੀ ਸੀ, ਉਹ ਜੱਜ ਅੱਜ ਛੁੱਟੀ ‘ਤੇ ਸੀ।
ਦੀਪ ਸਿੱਧੂ ‘ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਵਾਪਰੀ ਲਾਲ ਕਿਲ੍ਹੇ ਦੀ ਘਟਨਾ ਵੇਲੇ ਹਿੰਸਾ ਭੜਕਾਉਣ ਦੇ ਇਲਜ਼ਾਮ ਲੱਗੇ ਹਨ। ਦੀਪ ਸਿੱਧੂ ਨੇ ਆਪਣੀ ਜ਼ਮਾਨਤ ਲਈ ਦਿੱਲੀ ਅਦਾਲਤ ਵਿੱਚ ਅਰਜ਼ੀ ਪਾਈ ਸੀ ਪਰ ਐਡੀਸ਼ਨਲ ਸੈਸ਼ਨ ਜੱਜ ਦੀਪਕ ਡੱਬਾਸ ਨੇ ਅਰਜ਼ੀ ਮੁੜ ਜ਼ਿਲ੍ਹਾ ਅਤੇ ਸੈਸ਼ਨ ਜੱਜ (ਹੈੱਡਕੁਆਟਰਸ) ਨੂੰ ਭੇਜ ਦਿੱਤੀ ਹੈ, ਜੋ ਮਾਮਲੇ ਦੀ ਸੁਣਵਾਈ ਕਰਨਗੇ।