ਪੰਜਾਬ ਦੇ 8 ਸਰਕਾਰੀ ਕਾਲਜਾਂ (Government Colleges) ਨੂੰ ਖੁਦ ਮੁਖਤਿਆਰ ਕਰਨ ਦੇ ਫੈਸਲੇ ਨੂੰ ਫਿਲਹਾਲ ਰੋਕ ਲਗਾ ਦਿੱਤੀ ਹੈ। ਉਚੇਰੀ ਸਿੱਖਿਆ ਵਿਭਾਗ ਵੱਲੋਂ ਇਸ ਫੈਸਲੇ ‘ਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਹੈ। ਵਿਭਾਗ ਵੱਲੋਂ ਸਰਕਾਰੀ ਕਾਲਜ ਮੁਹਾਲੀ, ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ, ਮਹਿੰਦਰਾ ਸਰਕਾਰੀ ਕਾਲਜ ਪਟਿਆਲਾ, ਸਰਕਾਰੀ ਕਾਲਜ ਲੜਕੀਆਂ ਪਟਿਆਲਾ ,ਐਸ ਸੀ ਡੀ ਸਰਕਾਰੀ ਕਾਲਜ ਲੜਕੇ ਲੁਧਿਆਣਾ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਸਰਕਾਰੀ ਕਾਲਜ ਲੜਕੇ ਮਲੇਰਕੋਟਲਾ ਨੂੰ ਖੁਦਮੁਖਤਿਆਰ ਕਾਲਜ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਨੂੰ ਲੋਕਾਂ ਅਤੇ ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਫਿਲਹਾਲ ਰੋਕ ਲਗਾ ਦਿੱਤੀ ਹੈ।
ਜੇਕਰ ਇਹ ਕਾਲਜ ਖੁਦਮੁਖਤਿਆਰ ਹੋ ਜਾਂਦੇ ਤਾਂ ਇਨ੍ਹਾਂ ਕਾਲਜਾਂ ਨੂੰ ਚਲਾਉਣ ਲਈ ਸਾਰਾ ਖਰਚਾ ਕਾਲਜਾਂ ਨੂੰ ਖੁੱਦ ਹੀ ਚੁੱਕਣਾ ਪੈਣਾ ਸੀ। ਸਰਕਾਰੀ ਕਾਲਜਾਂ ਨੂੰ ਸਰਕਾਰਾਂ ਅਤੇ ਯੂਨੀਵਰਸਿਟੀਆਂ ਤੋਂ ਗਰਾਟਾਂ ਮਿਲਦੀਆਂ ਹਨ। ਦੱਸ ਦੇਈਏ ਕਿ ਸਰਕਾਰੀ ਕਾਲਜ ਸਰਕਾਰ ਦੇ ਅਧੀਨ ਚੱਲਦੇ ਹਨ ਪਰ ਖੁਦਮੁਖਤਿਆਰ ਕਾਲਜ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ। ਉਹ ਆਪਣੇ ਸਿਲੇਬਸ ਤੋਂ ਲੈ ਕੇ ਫੀਸਾਂ ਵਿੱਚ ਬਦਲਾਅ ਦੇ ਸਾਰੇ ਨਿਯਮ ਆਪ ਤੈਅ ਕਰਦੇ ਹਨ।
ਕਾਲਜਾਂ ਨੂੰ ਖੁਦ ਮੁਖਤਿਆਰ ਕਰਨ ਦੇ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਇਸ ਨੂੰ ਲੈ ਕੇ ਆਮ ਲੋਕਾਂ ਦੇ ਨਾਲ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ – ਜਬਰ ਜ਼ਨਾਹ ਦੀ ਪੀੜਤਾ ਨੂੰ ਚੰਡੀਗੜ੍ਹ ਅਦਾਲਤ ਨੇ ਦਵਾਇਆ ਇਨਸਾਫ