India

ਮੁੰਬਈ ਕਿਸ਼ਤੀ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 15 ਹੋਈ

ਮੁੰਬਈ ਫੈਰੀ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ। ਮਰਨ ਵਾਲਿਆਂ ਵਿੱਚ ਅੱਠ ਪੁਰਸ਼, ਚਾਰ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਇਸ ਹਾਦਸੇ ਵਿੱਚ ਦੋ ਲੋਕ ਅਜੇ ਵੀ ਲਾਪਤਾ ਹਨ। 43 ਸਾਲਾ ਹੰਸਰਾਮ ਭਾਟੀ ਦੀ ਲਾਸ਼ ਭਾਊਾ ਢੱਕਾ ‘ਚੋਂ ਮਿਲੀ। ਸ਼ਨੀਵਾਰ ਨੂੰ ਮੁੰਬਈ ਦੇ ਹਾਰਬਰ ‘ਚ ਸੱਤ ਸਾਲ ਦੇ ਬੱਚੇ ਦੀ ਲਾਸ਼ ਮਿਲੀ।

ਬੁੱਧਵਾਰ ਨੂੰ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਸੀ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਹਾਦਸੇ ‘ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਇਹ ਹਾਦਸਾ ਜਲ ਸੈਨਾ ਦੀ ਸਪੀਡਬੋਟ ਦੇ ਇੱਕ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ। ਇਹ ਕਿਸ਼ਤੀ ਮੁੰਬਈ ਦੇ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਆਈਲੈਂਡ ਜਾ ਰਹੀ ਸੀ, ਜਿਸ ‘ਚ ਕਰੀਬ 80 ਲੋਕ ਸਵਾਰ ਸਨ।