ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਬੱਦਲ ਪਿੰਡ ਦੇ 17 ਵਿਅਕਤੀਆਂ ਦੀ ਰਹੱਸਮਈ ਬੀਮਾਰੀ ਕਾਰਨ ਜਾਨ ਚਲੇ ਜਾਣ ਤੋਂ ਬਾਅਦ ਮੈਡੀਕਲ ਅਲਰਟ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਡਾਕਟਰਾਂ ਅਤੇ ਪੈਰਾਮੈਡਿਕਲ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸ ਦੌਰਾਨ ਕੁਆਰੰਟੀਨ ਵਿੱਚ ਭੇਜੇ ਗਏ ਲੋਕਾਂ ਦੀ ਗਿਣਤੀ ਵਧ ਕੇ 230 ਹੋ ਗਈ ਹੈ।
ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਨੇ ਕਿਹਾ ਕਿ ਲਖਨਊ ਵਿੱਚ ਟੌਕਸੀ ਕੋਲੋਜੀ ਲੈਬਾਰਟਰੀ ਦੁਆਰਾ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਇਸ ਦਾ ਕਾਰਨ ਕੋਈ ਇਨਫੈਕਸ਼ਨ, ਵਾਇਰਸ ਜਾਂ ਬੈਕਟੀਰੀਆ ਨਹੀਂ ਬਲਕਿ ਇੱਕ ਟੌਕਸਿਨ ਸੀ।
ਰਾਜੌਰੀ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਪ੍ਰਿੰਸੀਪਲ ਡਾਕਟਰ ਅਮਰਜੀਤ ਸਿੰਘ ਭਾਟੀਆ ਨੇ ਰਾਜੌਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਡਾਕਟਰਾਂ ਅਤੇ ਪੈਰਾਮੈਡਿਲ ਸਟਾਫ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਜੰਮੂ ਅਤੇ ਕਸ਼ਮੀਰ ਸਰਕਾਰ ਨੇ ਮੌਜੂਦਾ ਸਿਹਤ ਸਥਿਤੀ ਦੇ ਦੌਰਾਨ ਮੈਡੀਕਲ ਸੈੱਟਅੱਪ ਦੀ ਸਹਾਇਤਾ ਲਈ ਜੀਐਮਸੀ ਰਾਜੌਰੀ ਵਿੱਚ 10 ਵਾਧੂ ਮੈਡੀਕਲ ਵਿਦਿਆਰਥੀਆਂ ਨੂੰ ਤਾਇਨਾਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਜੀਐਮਸੀ ਹਸਪਤਾਲ ਅਤੇ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਅਧੀਨ ਤਿੰਨ ਵਿਅਕਤੀਆਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਤਿੰਨ ਭੈਣਾਂ ਸਮੇਤ ਚਾਰ ਲੋਕਾਂ ਨੂੰ ਬੁੱਧਵਾਰ ਨੂੰ ਜੰਮੂ ਦੇ ਇੱਕ ਹਸਪਤਾਲ ਵਿੱਚ ਏਅਰਲਿਫਟ ਦੇ ਨਾਲ ਹਸਪਤਾਲਾਂ ਵਿੱਚ ਭੇਜਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਬੱਦਲ ਪਿੰਡ ਨੂੰ ਬੁੱਧਵਾਰ ਨੂੰ ਇੱਕ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ, ਜਾਨਾਂ ਜਾਣ ਦੇ ਮੱਦੇਨਜ਼ਰ ਸਾਰੇ ਜਨਤਕ ਅਤੇ ਨਿੱਜੀ ਇਕੱਠਾਂ ‘ਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਸਨ। ਮ੍ਰਿਤਕਾਂ ਦੇ ਨਮੂਨਿਆਂ ਵਿੱਚ ਕੁਝ ਨਿਊਰੋਟੌਕਸਿਨ ਪਾਏ ਜਾਣ ਤੋਂ ਬਾਅਦ ਪੁਲਿਸ ਦੁਆਰਾ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਅਪਰਾਧਿਕ ਕੋਣ ਤੋਂ ਆਪਣੀ ਜਾਂਚ ਜਾਰੀ ਰੱਖੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ 50 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।