Punjab

ਡੇਰਾ ਬਾਬਾ ਨਾਨਕ ’ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ, NRI ਮੁੰਡੇ ਨੇ ਲਈ ਕਤਲ ਦੀ ਜ਼ਿੰਮੇਵਾਰੀ

ਡੇਰਾ ਬਾਬਾ ਨਾਨਕ (Dera Baba Nanak) ਦੇ ਰਹਿਣ ਵਾਲੇ ਨੌਜਵਾਨ ਸੰਦੀਪ ਸਿੰਘ ਉਰਫ ਸ਼ੇਰਾ ਦੀ ਬੀਤੀ ਰਾਤ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ। ਘਟਨਾ ਥਾਣਾ ਅਜਨਾਲਾ (Ajnala) ਦੇ ਅਧੀਨ ਆਉਦੇ ਪਿੰਡ ਨਾਨੋਕੇ ਵਾਪਰੀ, ਜਿੱਥੇ ਕਣਕ ਦੇ ਖੇਤਾਂ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਬੈਠੇ ਇੱਕ ਵਿਅਕਤੀ ਹੈਪੀ ਪਛੀਆ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਇਸ ਮਾਮਲੇ ਸਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁਝ ਮੁਲਜ਼ਮ ਸਿਵਲ ਵਰਦੀ ਵਿੱਚ 26 ਫ਼ਰਵਰੀ ਨੂੰ ਮ੍ਰਿਤਕ ਸੰਦੀਪ ਉਰਫ ਸ਼ੇਰਾ ਨੂੰ ਉਨ੍ਹਾਂ ਦੇ ਘਰ ਤੋਂ ਲੈ ਗਏ ਸੀ। ਉਨ੍ਹਾਂ ਇਹ ਕਿਹਾ ਸੀ ਕਿ ਉਨ੍ਹਾਂ ਨੇ ਸ਼ੇਰਾ ਕੋਲੋਂ ਕਿਸੇ ਕੇਸ ਵਿਚ ਪੁੱਛ ਪੜਤਾਲ ਕਰਨੀ ਹੈ। ਉਸ ਤੋਂ ਬਾਅਦ ਸੰਦੀਪ ਸਿੰਘ ਫ਼ੋਨ ਤੇ ਆਪਣੇ ਘਰ ਗੱਲ ਕਰਦਾ ਰਿਹਾ। ਪਰ ਕੱਲ੍ਹ ਰਾਤ ਅਚਾਨਕ ਸੰਦੀਪ ਦੀ ਮੌਤ ਦੀ ਖ਼ਬਰ ਮਿਲੀ।

ਅਜਨਾਲਾ ਪੁਲਿਸ (Ajnala Police) ਨੇ ਮ੍ਰਿਤਕ ਸ਼ੇਰਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਜਨਾਲਾ ਦੇ ਸਿਵਲ ਹਸਪਤਾਲ ਪਹੁੰਚ ਕੀਤੀ ਜਿੱਥੇ ਮ੍ਰਿਤਕ ਸੰਦੀਪ ਦਾ ਪੋਸਟ-ਮਾਰਟਮ ਕਰਵਾਇਆ ਗਿਆ। ਦੇਰ ਸ਼ਾਮ ਸ਼ੇਰਾ ਦੀ ਮ੍ਰਿਤਕ ਦੇਹ ਪਿੰਡ ਡੇਰਾ ਬਾਬਾ ਨਾਨਕ ਪਹੁੰਚਾਈ ਗਈ।

ਪਰਿਵਾਰਕ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਲਦ ਹੀ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।