ਲੁਧਿਆਣਾ-ਹਲਕਾ ਸਮਰਾਲਾ ‘ਚ 8 ਭੈਣਾਂ ਦੇ ਇਕਲੌਤੇ ਭਰਾ ਦੀ ਬੀਤੀ ਰਾਤ ਪਿੰਡ ਢਿੱਲਵਾਂ ਦੇ ਕੋਲ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਰਾਤ ਕਰੀਬ 7 ਵਜੇ ਸਮਰਾਲਾ ਦੇ ਨਜ਼ਦੀਕੀ ਪਿੰਡ ਢਿੱਲਵਾਂ ਕੋਲ ਸੜਕ ਉੱਤੇ ਖੜ੍ਹੇ ਟਰੱਕ ਦੇ ਪਿਛਲੇ ਪਾਸੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਇਹ ਨੌਜਵਾਨ ਖੰਨਾ ਦੇ ਸਮਰਾਲਾ ਰੋਡ ਤੋਂ ਇਕ ਇਮਾਰਤ ਦਾ ਲੈਂਟਰ ਪਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ। ਸ਼ਾਮ 7 ਵਜੇ ਪਿੰਡ ਢਿਲਵਾਂ ਨੇੜੇ ਸੜਕ ਵਿਚਾਲੇ ਇੱਕ ਟਰੱਕ ਖੜ੍ਹਾ ਸੀ, ਜਿਸ ਦੇ ਪਿਛਲੇ ਪਾਸੇ ਟਕਰਾਉਣ ਕਾਰਨ ਜਸਬੀਰ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਦੇਹ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ। ਉਸਨੇ ਦੱਸਿਆ ਕਿ ਮ੍ਰਿਤਕ ਇੱਕ ਸਾਲ ਦੀ ਮਾਸੂਮ ਬੱਚੀ ਦਾ ਪਿਓ ਸੀ । ਮ੍ਰਿਤਕ ਦੇ ਪਰਿਵਾਰ ਵੱਲੋਂ ਫਰਾਰ ਟਰੱਕ ਡਰਾਈਵਰ ਨੂੰ ‘ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਇੱਕ ਅਣਪਛਾਤੀ ਮ੍ਰਿਤਕ ਦੇਹ ਸਿਵਲ ਹਸਪਤਾਲ ਲਿਆਂਦੀ ਗਈ ਸੀ, ਜਿਸ ਦੀ ਪਿੰਡ ਢਿੱਲਵਾਂ ਦੇ ਕੋਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਜਾਂਚ ਵਿੱਚ ਪਤਾ ਲੱਗਿਆ ਕਿ ਮ੍ਰਿਤਕ ਦੇਹ ਦੀ ਪਛਾਣ ਜਸਬੀਰ ਸਿੰਘ ਪਿੰਡ ਬੌਂਦਲ ਦੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਦੇਹ ਨੂੰ ਮ੍ਰਿਤਕ ਦੇ ਘਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ ।