ਮੁਹਾਲੀ : ਸੋਹਾਣਾ ਵਿੱਚ ਆਪਣੀ ਸਹੇਲੀ ਨਾਲ ਪੀਜੀ ਵਿੱਚ ਰਹਿੰਦੀ ਸਟਾਫ਼ ਨਰਸ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਸੀਬ ਕੌਰ (23) ਵਾਸੀ ਅਬੋਹਰ ਵਜੋਂ ਹੋਈ ਹੈ। ਉਹ ਪੰਚਕੂਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਤਾਇਨਾਤ ਸੀ। ਰਾਹਗੀਰ ਨੇ ਬੈਂਚ ’ਤੇ ਪਈ ਨਰਸ ਦੀ ਲਾਸ਼ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ। ਮੁੱਢਲੀ ਜਾਂਚ ਵਿੱਚ ਕਤਲ ਦੀ ਸ਼ੰਕਾ ਜਾਪਦੀ ਹੈ।
ਸੂਚਨਾ ਮਿਲਦਿਆਂ ਹੀ ਸੋਹਾਣਾ ਥਾਣੇ ਦੇ ਸਬ ਇੰਸਪੈਕਟਰ ਬਰਮਾ ਸਿੰਘ ਤੁਰੰਤ ਆਪਣੇ ਨਾਲ ਪੁਲਿਸ ਕਰਮਚਾਰੀ ਲੈ ਕੇ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਨਸੀਬ ਕੌਰ ਪਹਿਲਾਂ ਮੁਹਾਲੀ ਦੇ ਨਾਮੀ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦੀ ਸੀ ਅਤੇ ਫੇਜ਼-9 ਵਿੱਚ ਪੀਜੀ ਵਿੱਚ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 15 ਕੁ ਦਿਨ ਪਹਿਲਾਂ ਸੋਹਾਣਾ ਵਿੱਚ ਸੈਣੀ ਪੀਜੀ ਵਿੱਚ ਆਪਣੀ ਸਹੇਲੀ ਨਾਲ ਰਹਿਣ ਲੱਗੀ ਸੀ।
ਮ੍ਰਿਤਕ ਨਰਸ ਦੀ ਸਹੇਲੀ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਕੱਲ੍ਹ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਨਸੀਬ ਕੌਰ ਆਪਣੇ ਦੋਸਤ (ਬੁਆਏ ਫਰੈਂਡ) ਨੂੰ ਦਵਾਈ ਦੇਣ ਬਾਰੇ ਕਹਿ ਕੇ ਗਈ ਸੀ ਪ੍ਰੰਤੂ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ। ਇਸ ਤੋਂ ਬਾਅਦ ਉਹ ਦੇਰ ਰਾਤ ਤੱਕ ਉਸ ਨੂੰ ਫੋਨ ਕਰਦੀ ਰਹੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।
ਸਵੇਰੇ ਜਦੋਂ ਦੁਬਾਰਾ ਫੋਨ ਲਾਇਆ ਤਾਂ ਕਿਸੇ ਰਾਹਗੀਰ ਨੇ ਚੁੱਕਿਆ ਅਤੇ ਉਸ ਦੀ ਮੌਤ ਬਾਰੇ ਦੱਸਿਆ। ਉਧਰ, ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਐਕਟਿਵਾ ’ਤੇ ਨੌਜਵਾਨ ਆਉਂਦਾ ਦਿਖਾਈ ਦੇ ਰਿਹਾ ਹੈ ਜੋ ਲਾਸ਼ ਨੂੰ ਸੋਹਾਣਾ ਵਿੱਚ ਟੋਭੇ ਨੇੜੇ ਇੱਕ ਬੈਂਚ ਦੇ ਰੱਖ ਕੇ ਚਲਾ ਜਾਂਦਾ ਹੈ।
ਇਸ ਬਾਰੇ ਤਫ਼ਤੀਸ਼ੀ ਅਫ਼ਸਰ ਬਰਮਾ ਸਿੰਘ ਨੇ ਕਿਹਾ ਕਿ ਮ੍ਰਿਤਕ ਨਰਸ ਦੇ ਮੋਬਾਈਲ ਫੋਨ ਅਤੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਮ੍ਰਿਤਕਾ ਦੇ ਮਾਪਿਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਅਤੇ ਬਿਆਨਾਂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲੀਸ ਨੇ ਨਰਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।