ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਕਿਸਾਨੀ ਸੰਘਰਸ਼ ਜਾਰੀ ਹੈ। ਖਨੌਰੀ ਬਾਰਡਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਹੋਰ ਕਿਸਾਨ ਦੀ ਸੰਘਰਸ਼ ਦੌਰਾਨ ਮੌਤ ਹੋ ਗਈ ਹੈ। ਖਨੌਰੀ ਸਰਹੱਦੀ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਸਿਕੰਦਰ ਸਿੰਘ (55) ਪਿੰਡ ਨਥੇਹਾ ਦਾ ਰਹਿਣ ਵਾਲਾ ਸੀ।
ਦੱਸ ਦੇਈਏ ਕਿ ਮ੍ਰਿਤਕ ਕਿਸਾਨ ਸਿਕੰਦਰ ਸਿੰਘ 11 ਫਰਵਰੀ ਨੂੰ ਆਪਣੇ ਪਿੰਡ ਦੇ ਕਿਸਾਨਾਂ ਦੇ ਇੱਕ ਸਮੂਹ ਨਾਲ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ ਸੀ। ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਯੋਧਾ ਸਿੰਘ ਨੰਗਲਾ ਅਤੇ ਪਿੰਡ ਇਕਾਈ ਦੇ ਪ੍ਰਧਾਨ ਨਾਇਬ ਸਿੰਘ ਨਥੇਹਾ, ਸਰਪੰਚ ਜਗਸੀਰ ਸਿੰਘ ਅਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਤਲਵੰਡੀ ਦੇ ਪਿੰਡ ਨਥੇਹਾ ਦੇ ਕਿਸਾਨ ਸਿਕੰਦਰ ਸਿੰਘ (55) ਪੁੱਤਰ ਸੁਖਦੇਵ ਸਿੰਘ ਸਾਬੋ ਦੀ 11 ਫਰਵਰੀ ਨੂੰ ਮੌਤ ਹੋ ਗਈ ਸੀ। ਖਨੌਰੀ ਸਰਹੱਦ ‘ਤੇ ਆਪਣੇ ਪਿੰਡ ਦੇ ਕਿਸਾਨਾਂ ਦੇ ਇੱਕ ਜਥੇ ਨਾਲ ਸ਼ਾਮਲ ਹੋਏ ਸਨ।
ਕਿਸਾਨ 25 ਫਰਵਰੀ ਨੂੰ ਆਪਣੇ ਪਿੰਡ ਪਰਤਿਆ ਜਦੋਂ ਸੰਘਰਸ਼ ਦੌਰਾਨ ਪੁਲਿਸ ਵੱਲੋਂ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਉਸਦੀ ਸਿਹਤ ਵਿਗੜ ਗਈ। ਸਿਕੰਦਰ ਸਿੰਘ 27 ਫਰਵਰੀ ਨੂੰ ਦੁਪਹਿਰ ਸਮੇਂ ਆਪਣੇ ਖੇਤ ਵਿੱਚ ਸੈਰ ਕਰਨ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਹੁਣ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਉਠਾਈ ਹੈ ਜਦੋਂ ਕਿ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਬੀਤੇ ਕੱਲ੍ਹ 55 ਸਾਲਾ ਕਿਸਾਨ ਦੀ ਮੋਰਚੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ ਸੀ। ਕਿਸਾਨ ਕਰਨੈਲ ਸਿੰਘ ਕਈ ਦਿਨਾਂ ਤੋਂ ਮੋਰਚੇ ਉੱਤੇ ਡਟਿਆ ਹੋਇਆ ਸੀ।
ਇਸ ਤੋਂ ਪਹਿਲਾਂ 14 ਤਰੀਕ ਨੂੰ ਮਨਜੀਤ ਸਿੰਘ ਨਾਂ ਦੇ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
21 ਫਰਵਰੀ ਨੂੰ ਹਰਿਆਣਾ ਪੁਲਿਸ ਦੀ ਕਾਰਵਾਈ ਦੌਰਾਨ ਸ਼ੁਭਕਰਨ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਹੁਣ 22 ਫਰਵਰੀ ਦੀ ਰਾਤ ਨੂੰ ਜਰਨੈਲ ਸਿੰਘ ਨਾਮ ਦੇ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 23 ਫਰਵਰੀ ਨੂੰ ਦਰਸ਼ਨ ਸਿੰਘ ਜੋ ਕਿ ਬਠਿੰਡਾ ਦੇ ਅਮਰਗੜ੍ਹ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕਿਸਾਨ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਦਿੱਲੀ ਚੱਲੋ ਮਾਰਚ ਦੇ ਚਲਦਿਆਂ ਸ਼ੰਭੂ ਅਤੇ ਖਨੌਰੀ ਹੱਦ ‘ਤੇ ਮੋਰਚਾ ਲਗਾਇਆ ਹੋਇਆ ਹੈ। ਮੋਰਚੇ ਵਿਚ ਹੁਣ ਤਕ 7 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।