Punjab

ਨਾੜ ਦੇ ਧੂੰਏਂ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ

ਅਜਨਾਲਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਣਕ ਦੀ ਨਾੜ ਨੂੰ ਲਾਈ ਅੱਗ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਅਜਨਾਲਾ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਓਠੀਆਂ ਵਿਖੇ ਖੇਤਾਂ ’ਚ ਅੱਗ ਲੱਗਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਈ ਅਤੇ ਵਿਅਕਤੀ ਵੀ ਪੂਰੀ ਤਰ੍ਹਾਂ ਸੜ ਗਿਆ। ਘਟਨਾ ਬੀਤੇ ਦਿਨੀਂ ਸ਼ਾਮ 4 ਵਜੇ ਦੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ 6 ਵਜੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।

ਇਸ ਮੌਕੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਓਠੀਆਂ ਵਿੱਚ ਇੱਕ ਕਿਸਾਨ ਨੇ ਆਪਣੇ ਖੇਤ ’ਚ ਨਾੜ ਨੂੰ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਧੂੰਆਂ ਦੂਰ-ਦੂਰ ਤੱਕ ਫੈਲ ਗਿਆ ਸੀ। ਵਿਅਕਤੀ ਆਪਣੇ ਮੋਟਰਸਾਈਕਲ ‘ਤੇ ਆ ਰਿਹਾ ਸੀ, ਧੂੰਏਂ ਕਾਰਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਅੱਗ ਦੀ ਲਪੇਟ ‘ਚ ਆ ਗਿਆ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸ ਦਈਏ ਕਿ 13 ਦਿਨਾਂ ‘ਚ ਨਾੜ ‘ਚ ਅੱਗ ਲੱਗਣ ਦੀਆਂ ਕੁੱਲ 418 ਘਟਨਾਵਾਂ ਹੋ ਚੁੱਕੀਆਂ ਹਨ।

ਮੂਨਕ ਦੇ ਪਿੰਡ ਭੂੰਦੜ ਭੈਣੀ ਵਿੱਚ ਸੋਮਵਾਰ ਨੂੰ ਖੇਤ ’ਚ ਲੱਗੀ ਅੱਗ ਨੂੰ ਬੁਝਾਉਣ ਦੌਰਾਨ ਇੱਕ ਨੌਜਵਾਨ ਖੇਤ ਮਜ਼ਦੂਰ ਦੀ ਖੇਤ ਵਿੱਚ ਅੱਗ ਲੱਗਣ ਨਾਲ ਮੌਤ ਹੋ ਗਈ। ਅੱਗ ਲੱਗਣ ਕਾਰਨ ਨੌਜਵਾਨ ਮਜ਼ਦੂਰ ਦੇ ਸਰੀਰ ਦਾ ਉਪਰਲਾ ਹਿੱਸਾ 50 ਫੀਸਦੀ ਤੱਕ ਸੜ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗਰੀਬ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਨੂੰ ਹਰੀ ਝੰਡੀ, ਪੜਤਾਲ ਦੌਰਾਨ ਅੰਮ੍ਰਿਤਪਾਲ ਦੀ ਨਾਮਜ਼ਦਗੀ ਸਹੀ ਸਾਬਿਤ