ਪੰਜਾਬੀ ਯੂਨੀਵਰਸਟੀ ਪਟਿਆਲਾ ਵਿੱਚ ਪੜ੍ਹਾਈ ਕਰ ਰਹੀ ਵਿਦਿਆਰਥਣ ਦੀ ਮੌਤ ਹੋ ਗਈ। ਇਹ ਵਿਦਿਆਰਥਣ ਬਠਿੰਡਾ ਦੀ ਰਹਿਣ ਵਾਲੀ ਸੀ। ਇਸ ਤੋਂ ਬਾਅਦ ਯੂਨੀਵਰਸਟੀ ਵਿੱਚ ਵਿਦਿਆਰਥੀਆਂ ਨੇ ਇੱਕ ਪ੍ਰੋਫੈਸਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਪ੍ਰੋਫੈਸਰ ਵਿਦਿਆਰਥਣ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਸੀ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਪ੍ਰਫੈਸਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਨੇ ਇਲਜ਼ਾਮ ਲਾਇਆ ਹੈ ਕਿ ਵਿਦਿਆਰਥੀਆਂ ਤੇ ਵਿਦਿਆਰਥਣਾਂ ਨਾਲ ਪ੍ਰੋਫੈਸਰ ਦਾ ਰਵੱਈਆ ਠੀਕ ਨਹੀਂ ਸੀ।
ਤਕ ਲੜਕੀ ਦੀ ਪਛਾਣ ਜਸ਼ਨਦੀਪ ਕੌਰ ਵਜੋਂ ਹੋਈ ਹੈ ਤੇ ਉਹ ਬਠਿੰਡਾ ਦੀ ਰਹਿਣ ਵਾਲੀ ਹੈ। ਜਸ਼ਨਦੀਪ ਕੌਰ ਪੰਜ ਸਾਲਾ ਪੰਜਾਬੀ ਇੰਟੇਗਰੇਟਿਡ ਕੋਰਸ ਦੇ ਪਹਿਲੇ ਵਰ੍ਹੇ ਦੀ ਵਿਦਿਆਰਥਣ ਸੀ ਜੋ ਕਿ ਬਠਿੰਡਾ ਦੇ ਪਿੰਡ ਚੌਕੇ ਦੀ ਵਸਨੀਕ ਸੀ। ਉਸ ਦੇ ਭਰਾ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਬਿਮਾਰ ਸੀ। ਉਸ ਨੂੰ ਸਿਰਫ਼ ਪੰਜ ਦਿਨਾਂ ਦੀ ਛੁੱਟੀ ਦਿੱਤੀ ਗਈ ਸੀ।
ਜਸ਼ਨਦੀਪ ਨੂੰ ਬੀਤੇ ਦਿਨ ਘਰ ਲਿਆਂਦਾ ਗਿਆ ਤੇ ਦਵਾਈ ਦਿੱਤੀ ਗਈ ਤੇ ਉਸ ਦੀ ਬੀਤੀ ਰਾਤ ਮੌਤ ਹੋ ਗਈ। ਉਹ ਮਾਨਸਿਕ ਤਣਾਅ ’ਚ ਰਹਿੰਦੀ ਸੀ। ਭਰਾ ਨੇ ਦੋਸ਼ ਲਗਾਇਆ ਕਿ ਸਬੰਧਤ ਪ੍ਰੋਫੈਸਰ ਦਾ ਰਵੱਈਆ ਕਥਿਤ ਤੌਰ ’ਤੇ ਮਾੜਾ ਸੀ। ਇਸੇ ਦੌਰਾਨ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਵਿਦਿਆਰਥਣ ਨੂੰ ਝਿੜਕਿਆ ਵੀ ਗਿਆ ਸੀ।
ਇਸ ਸਬੰਧ ’ਚ ਡਾਇਰੈਕਟਰ ਪਬਲਿਕ ਰਿਲੇਸ਼ਨ ਦਲਜੀਤ ਅਮੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਭਾਸ਼ਾਵਾਂ ਦੇ ਪੰਜ ਸਾਲਾ ਇੰਟੇਗਰੇਟਿਡ ਕੋਰਸਾਂ ਦੇ ਇੰਚਾਰਜ ਪ੍ਰੋ. ਸੁਰਜੀਤ ਨੇ ਦੋਸ਼ਾਂ ਨੂੰ ਬੇਨਿਆਦ ਦੱਸਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਹੈ ਕਿ ਵਿਦਿਆਰਥਣ ਬਿਮਾਰ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਵਿਦਿਆਰਥਣ ਦੇ ਮਾਪੇ ਉਸ ਨੂੰ ਬੀਤੇ ਦਿਨ ਹੀ ਘਰ ਲੈ ਗਏ ਸਨ। ਵਿਦਿਆਰਥਣ ਨੂੰ ਯੂਨੀਵਰਸਿਟੀ ਕੈਂਪਸ ਦੇ ਹੈਲਥ ਸੈਂਟਰ ਵਿਚ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ ਗਈ ਸੀ।