Punjab

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸਮੇਂ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸਮੇਂ ਰਸਤੇ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮਾਛੀਵਾੜਾ ਦੇ ਰਹਿਣ ਵਾਲੇ ਸਾਬਕਾ ਬੀ.ਪੀ.ਈ.ਓ. ਕੁਲਵੰਤ ਸਿੰਘ ਦਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸਮੇਂ ਰਸਤੇ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।

21 ਮਈ ਨੂੰ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਜੱਥੇ ਦੇ ਨਾਲ ਕੁਲਵੰਤ ਸਿੰਘ ਵੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਸੀ।

ਮੁੱਖ ਅਸਥਾਨ ਗੋਬਿੰਦ ਧਾਮ ਤੋਂ ਲਗਭਗ ਅੱਧਾ ਕਿਲੋਮੀਟਰ ਪਿੱਛੇ ਕੁਲਵੰਤ ਸਿੰਘ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ ਅਤੇ ਉੱਥੇ ਹੀ ਉਨ੍ਹਾਂ ਆਖਰੀ ਸਾਹ ਲਏ। ਐਤਵਾਰ ਨੂੰ ਉਨ੍ਹਾਂ ਦੀ ਦੇਹ 10 ਵਜੇ ਮਾਛੀਵਾੜਾ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਲਿਆਂਦੀ ਗਈ ਜਿਨ੍ਹਾਂ ਦਾ 12 ਵਜੇ ਸਥਾਨਕ ਸ਼ਮਸ਼ਾਨਘਾਟ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਕੁਲਵੰਤ ਸਿੰਘ ਦੀ ਨਮਿਤ ਭੋਗ ਅਤੇ ਅੰਤਿਮ ਅਰਦਾਸ 2 ਜੂਨ ਦਿਨ ਐਤਵਾਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ, ਨੇੜੇ ਪੁਰਾਣੀ ਸਬਜ਼ੀ ਮੰਡੀ ਮਾਛੀਵਾੜਾ ਸਾਹਿਬ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ।