Punjab

ਪੰਜਾਬ ’ਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਵੀ ਲੈ ਰਹੇ ਨੇ ਰਾਸ਼ਨ , ਹੈਰਾਨਕੁਨ ਅੰਕੜੇ ਆਏ ਸਾਹਮਣੇ

Dead people are also taking ration in Punjab surprising figures have come out

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ‘ਆਟਾ ਦਾਲ ਸਕੀਮ’ ਦੀ ਕਰਵਾਈ ਪੜਤਾਲ ’ਚ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਮ੍ਰਿਤਕ ਵਿਅਕਤੀ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈ ਰਹੇ ਹਨ। ਇਸੇ ਤਰ੍ਹਾਂ ਰਸੂਖਵਾਨ ਲੋਕ ਵੀ ਆਟਾ ਦਾਲ ਸਕੀਮ ਦੇ ਲਾਭਪਾਤਰੀ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦਾ ਬਿਓਰਾ ਆਧਾਰ ਕਾਰਡਾਂ ਨਾਲ ਲਿੰਕ ਕਰਨ ’ਤੇ ਇਹ ਤੱਥ ਸਾਹਮਣੇ ਆਏ ਹਨ।

ਵੇਰਵਿਆਂ ਅਨੁਸਾਰ ਪੰਜਾਬ ’ਚ ਕਰੀਬ 10.56 ਲੱਖ ਅਜਿਹੇ ਰਸੂਖਵਾਨਾਂ ਦੀ ਸ਼ਨਾਖ਼ਤ ਹੋਈ ਹੈ, ਜਿਨ੍ਹਾਂ ਨੂੰ ਆਟਾ-ਦਾਲ ਸਕੀਮ ਦਾ ਰਾਸ਼ਨ ਮਿਲ ਰਿਹਾ ਹੈ। ਪੰਜਾਬ ਮੰਡੀ ਬੋਰਡ ਨੇ 12.50 ਲੱਖ ਲੋਕਾਂ ਦਾ ਅੰਕੜਾ ਸਰਕਾਰ ਨੂੰ ਦਿੱਤਾ ਸੀ, ਜਿਨ੍ਹਾਂ ਵੱਲੋਂ ਸਾਲਾਨਾ 60 ਹਜ਼ਾਰ ਤੋਂ ਵੱਧ ਮੁੱਲ ਦੀ ਫ਼ਸਲ ਵੇਚੀ ਗਈ ਸੀ। ਇਨ੍ਹਾਂ ’ਚੋਂ ਕਰੀਬ 7 ਸੱਤ ਲੱਖ ਲੋਕ ਅਜਿਹੇ ਮਿਲੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਜ਼ਿਆਦਾ ਸੀ, ਪਰ ਇਸ ਸਕੀਮ ਦੇ ਲਾਭਪਾਤਰੀ ਬਣਨ ਲਈ ਉਨ੍ਹਾਂ ਆਮਦਨ ਹੱਦ ਸਾਲਾਨਾ 60 ਹਜ਼ਾਰ ਰੁਪਏ ਮਿਥੀ ਹੋਈ ਹੈ।

ਪੰਜਾਬ ਮੰਡੀ ਬੋਰਡ ਵੱਲੋਂ ਵੱਧ ਆਮਦਨੀ ਵਾਲੇ ਮੁਹੱਈਆ ਕਰਾਏ ਆਧਾਰ ਕਾਰਡਾਂ ਦਾ ਮਿਲਾਣ ਜਦੋਂ ਆਟਾ ਦਾਲ ਸਕੀਮ ਦੇ ਰਾਸ਼ਨ ਕਾਰਡਾਂ ਨਾਲ ਕੀਤਾ ਗਿਆ ਤਾਂ 81,646 ਅਜਿਹੇ ਰਾਸ਼ਨ ਕਾਰਡ ਸਾਹਮਣੇ ਆਏ ਹਨ, ਜਿਨ੍ਹਾਂ ਦੇ ਲਾਭਪਾਤਰੀਆਂ ਵੱਲੋਂ ਸਾਲਾਨਾ 5 ਲੱਖ ਰੁਪਏ ਤੋਂ ਜ਼ਿਆਦਾ ਦੀ ਫ਼ਸਲ ਵੇਚੀ ਸੀ।

ਇਨ੍ਹਾਂ ਰਾਸ਼ਨ ਕਾਰਡਾਂ ’ਤੇ 3.47 ਲੱਖ ਲਾਭਪਾਤਰੀ ਅਨਾਜ ਲੈ ਰਹੇ ਸਨ। ਇਸੇ ਤਰ੍ਹਾਂ ਦੋ ਤੋਂ ਪੰਜ ਲੱਖ ਰੁਪਏ ਦੀ ਫ਼ਸਲ ਵੇਚਣ ਵਾਲਿਆਂ ’ਚ 86,946 ਅਜਿਹੇ ਰਾਸ਼ਨ ਕਾਰਡ ਧਾਰਕ ਹਨ, ਜੋ ਸਕੀਮ ਤਹਿਤ ਅਨਾਜ ਲੈ ਰਹੇ ਹਨ। ਇਨ੍ਹਾਂ ਰਸੂਖਵਾਨ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਅਨਾਜ ਵੀ ਮਿਲ ਰਿਹਾ ਹੈ।

ਸੂਬਾ ਸਰਕਾਰ ਵੱਲੋਂ ਵਿੱਢੀ ਪੜਤਾਲ ਦੀ ਪਹਿਲੀ ਫਰਵਰੀ ਤੱਕ ਦੀ ਰਿਪੋਰਟ ’ਤੇ ਨਜ਼ਰ ਮਾਰੀਏ ਤਾਂ 9391 ਰਾਸ਼ਨ ਕਾਰਡ ਰੱਦ ਕੀਤੇ ਜਾ ਚੁੱਕੇ ਹਨ। ਪੰਜਾਬ ਵਿਚ ਕੁੱਲ 40.68 ਲੱਖ ਰਾਸ਼ਨ ਕਾਰਡ ਹਨ, ਜਿਨ੍ਹਾਂ ’ਚੋਂ 20.78 ਲੱਖ ਦੀ ਪੜਤਾਲ ਹੋ ਚੁੱਕੀ ਹੈ। ਇਸ ਪੜਤਾਲ ਵਿੱਚ 1.63 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ, ਜੋ ਕਰੀਬ 7.88 ਫ਼ੀਸਦ ਬਣਦੇ ਹਨ। ਹਾਲਾਂਕਿ ਹਾਲੇ ਸਿਰਫ਼ 51.08 ਫ਼ੀਸਦ ਕਾਰਡਾਂ ਦੀ ਹੀ ਪੜਤਾਲ ਦਾ ਕੰਮ ਨੇਪਰੇ ਚੜ੍ਹਿਆ ਹੈ।