India

ਗੰਗਾਂ ‘ਚ ਕਿੱਥੋਂ ਆ ਗਈਆਂ 100 ਲਾਸ਼ਾਂ, ਯੂਪੀ ਬਿਹਾਰ ਵਿਚਾਲੇ ਹੋ ਰਿਹਾ ‘ਤੇਰੀਆਂ-ਮੇਰੀਆਂ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ’ਚੋਂ ਲੰਘਦੀ ਗੰਗਾ ’ਚੋਂ ਕੁੱਝ ਲਾਸ਼ਾਂ ਬਰਾਮਦ ਹੋਈਆਂ ਹਨ। ਬੀਤੇ ਦਿਨ ਬਿਹਾਰ ਦੇ ਜਿਲ੍ਹਾ ਬਕਸਰ ’ਚ ਵੀ ਗੰਗਾ ਦੇ ਕਿਨਾਰੇ ਤੋਂ ਲਾਸ਼ਾਂ ਮਿਲੀਆਂ ਸਨ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕੋਰੋਨਾ ਨਾਲ ਮਰੇ ਵਿਅਕਤੀਆਂ ਦੀਆਂ ਲਾਸ਼ਾਂ ਹਨ। ਹਾਲਾਂਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ।

ਅੰਗਰੇਜ਼ੀ ਅਖਬਾਰ ‘ਦ ਇੰਡੀਅਨ ਐਕਸਪ੍ਰੈਸ ਦੀ ਖਬਰ ਦੇ ਮੁਤਾਬਿਕ ਗੰਗਾਂ ਵਿੱਚੋਂ ਮਿਲੀਆਂ ਇਹਨਾਂ ਲਾਸ਼ਾਂ ਵਿੱਚੋਂ 96 ਖਰਾਬ ਹੋ ਚੁੱਕੀਆਂ ਹਨ। ਬਕਸਰ ਜ਼ਿਲ੍ਹੇ ਵਿਚ 73 ਲਾਸ਼ਾਂ ਨੂੰ ਕੱਢਿਆ ਗਿਆ ਹੈ ਜਦਕਿ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਘੱਟੋ-ਘੱਟ 25 ਲਾਸ਼ਾਂ ਬਰਾਮਦ ਹੋਈਆਂ ਹਨ।

ਇਨ੍ਹਾਂ ਲਾਸ਼ਾਂ ਨੂੰ ਲੈ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਵਿਚਾਰੇ ਸ਼ਬਦੀ ਜੰਗ ਹੋ ਰਹੀ ਹੈ। ਬਿਹਾਰ ਸਰਕਾਰ ਨੇ ਕਿਹਾ ਹੈ ਕਿ ਬਕਸਰ ਜ਼ਿਲੇ ਵਿੱਚੋਂ ਲੰਘਦੀ ਗੰਗਾ ਵਿਚੋਂ ਹੁਣ ਤੱਕ ਕੁੱਲ 71 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇੱਥੋਂ ਦੇ ਜਲ ਸਰੋਤ ਮੰਤਰੀ ਸੰਜੇ ਕੁਮਾਰ ਝਾਅ ਨੇ ਕਿਹਾ ਹੈ ਬਕਸਰ ਜ਼ਿਲੇ ਦੇ ਚੌਸਾ ਪਿੰਡ ਨੇੜੇ ਗੰਗਾ ਨਦੀ ਵਿੱਚੋਂ ਮ੍ਰਿਤਕ ਲੋਕਾਂ ਦੀਆਂ 4-5 ਦਿਨ ਪੁਰਾਣੀਆਂ ਲਾਸ਼ਾਂ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਤੋਂ ਵਹਿ ਕੇ ਆਈਆਂ ਹਨ।

ਬਕਸਰ ਦੇ ਸਬ-ਡਵੀਜ਼ਨ ਅਧਿਕਾਰੀ ਕੇ.ਕੇ. ਉਪਾਧਿਆਏ ਦੇ ਅਨੁਸਾਰ ਦੋ ਹੋਰ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਸਰਹੱਦ ‘ਤੇ ਲਾਏ ਜਾਲ ਦੇ ਨੇੜੇ ਮਿਲੀਆਂ ਹਨ।