ਨਵੀਂ ਦਿੱਲੀ : ਨੈਸ਼ਨਲ ਮੈਡੀਕਲ ਕਮਿਸ਼ਨ (NMC) ਦੁਆਰਾ ਨਿਰਧਾਰਤ ਮਾਪਦੰਡਾਂ ਦੀ ਕਥਿਤ ਤੌਰ ‘ਤੇ ਪਾਲਣਾ ਨਾ ਕਰਨ ਕਾਰਨ ਪਿਛਲੇ ਦੋ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਲਗਭਗ 40 ਮੈਡੀਕਲ ਕਾਲਜਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਅਮਰ ਉਜਾਲਾ ਦੀ ਰਿਪੋਰਟ ਮੁਤਾਬਕ ਤਾਮਿਲਨਾਡੂ, ਗੁਜਰਾਤ, ਅਸਾਮ, ਪੰਜਾਬ, ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਪੱਛਮੀ ਬੰਗਾਲ ਦੇ ਲਗਭਗ 100 ਹੋਰ ਮੈਡੀਕਲ ਕਾਲਜਾਂ ਨੂੰ ਵੀ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਾਲਜ ਨਿਰਧਾਰਿਤ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ ਅਤੇ ਕਮਿਸ਼ਨ ਦੁਆਰਾ ਕੀਤੇ ਗਏ ਨਿਰੀਖਣ ਦੌਰਾਨ ਸੀਸੀਟੀਵੀ ਕੈਮਰਿਆਂ, ਆਧਾਰ ਨਾਲ ਜੁੜੀ ਬਾਇਓਮੈਟ੍ਰਿਕ ਹਾਜ਼ਰੀ ਪ੍ਰਕਿਰਿਆਵਾਂ ਅਤੇ ਫੈਕਲਟੀ ਰੋਲ ਨਾਲ ਸਬੰਧਤ ਕਈ ਖਾਮੀਆਂ ਪਾਈਆਂ ਗਈਆਂ ਸਨ।
ਸਰਕਾਰੀ ਅੰਕੜਿਆਂ ਮੁਤਾਬਕ 2014 ਤੋਂ ਬਾਅਦ ਮੈਡੀਕਲ ਕਾਲਜਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ
ਫਰਵਰੀ ਵਿੱਚ ਰਾਜ ਸਭਾ ਵਿੱਚ ਦੱਸਿਆ ਸੀ ਕਿ 2014 ਤੋਂ ਪਹਿਲਾਂ 387 ਮੈਡੀਕਲ ਕਾਲਜ ਸਨ, ਪਰ ਹੁਣ ਇਨ੍ਹਾਂ ਦੀ ਗਿਣਤੀ 69 ਫੀਸਦੀ ਦੇ ਵਾਧੇ ਨਾਲ 654 ਹੋ ਗਈ ਹੈ।
ਇਸ ਤੋਂ ਇਲਾਵਾ ਐਮਬੀਬੀਐਸ ਦੀਆਂ ਸੀਟਾਂ ਵਿੱਚ 94 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ 2014 ਤੋਂ ਪਹਿਲਾਂ 51,348 ਸੀਟਾਂ ਤੋਂ ਵਧ ਕੇ ਹੁਣ 99,763 ਹੋ ਗਿਆ ਹੈ। ਪੀਜੀ ਸੀਟਾਂ ਦੀ ਗਿਣਤੀ ਵਿੱਚ 107 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ 2014 ਤੋਂ ਪਹਿਲਾਂ 31,185 ਸੀ ਜੋ ਹੁਣ 64,559 ਹੋ ਗਿਆ ਹੈ।
ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਸੀ ਕਿ ਦੇਸ਼ ਵਿੱਚ ਡਾਕਟਰਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਨੇ ਪਹਿਲਾਂ ਮੈਡੀਕਲ ਕਾਲਜਾਂ ਦੀ ਗਿਣਤੀ ਵਧਾਈ ਅਤੇ ਫਿਰ ਐਮਬੀਬੀਐਸ ਦੀਆਂ ਸੀਟਾਂ ਵਧਾ ਦਿੱਤੀਆਂ। ਦੇਸ਼ ਵਿੱਚ ਮੈਡੀਕਲ ਸੀਟਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਉਪਾਵਾਂ ਅਤੇ ਕਦਮਾਂ ਵਿੱਚ ਜ਼ਿਲ੍ਹਾ/ਰੈਫਰਲ ਹਸਪਤਾਲਾਂ ਨੂੰ ਅਪਗ੍ਰੇਡ ਕਰਕੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ ਇੱਕ ਕੇਂਦਰੀ ਸਪਾਂਸਰ ਸਕੀਮ ਸ਼ਾਮਲ ਹੈ। ਜਿਸ ਤਹਿਤ 157 ਪ੍ਰਵਾਨਿਤ ਨਵੇਂ ਮੈਡੀਕਲ ਕਾਲਜਾਂ ਵਿੱਚੋਂ 94 ਪਹਿਲਾਂ ਹੀ ਕੰਮ ਕਰ ਰਹੇ ਹਨ।
ਮੈਡੀਕਲ ਕਾਲਜਾਂ ਦੀ ਮਾਨਤਾ ਰੱਦ ਕਰਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਮੈਡੀਕਲ ਮਾਹਿਰਾਂ ਨੇ ਕਿਹਾ ਕਿ NMC ਜ਼ਿਆਦਾਤਰ ਆਧਾਰ ਨਾਲ ਜੁੜੇ ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ ‘ਤੇ ਨਿਰਭਰ ਕਰਦਾ ਹੈ, ਜਿਸ ਲਈ ਇਹ ਸਿਰਫ ਉਨ੍ਹਾਂ ਫੈਕਲਟੀ ਨੂੰ ਮੰਨਦਾ ਹੈ ਜੋ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ ਮੌਜੂਦ ਹੁੰਦੇ ਹਨ।.
ਇਕ ਮਾਹਿਰ ਨੇ ਕਿਹਾ ਕਿ ਡਾਕਟਰਾਂ ਦੇ ਕੰਮ ਦੇ ਘੰਟੇ ਨਿਸ਼ਚਿਤ ਨਹੀਂ ਹਨ। ਉਨ੍ਹਾਂ ਨੂੰ ਐਮਰਜੈਂਸੀ ਅਤੇ ਰਾਤ ਦੀਆਂ ਸ਼ਿਫਟਾਂ ਵਿੱਚ ਵੀ ਕੰਮ ਕਰਨਾ ਪੈਂਦਾ ਹੈ। ਇਸ ਲਈ ਕੰਮ ਦੇ ਘੰਟਿਆਂ ਨੂੰ ਲੈ ਕੇ NMC ਦੀ ਸਖ਼ਤੀ ਨੇ ਇਹ ਮੁੱਦਾ ਬਣਾਇਆ ਹੈ। ਮੈਡੀਕਲ ਕਾਲਜਾਂ ਲਈ ਅਜਿਹਾ ਮਾਈਕ੍ਰੋ-ਮੈਨੇਜਮੈਂਟ ਵਿਹਾਰਕ ਨਹੀਂ ਹੈ ਅਤੇ ਐਨਐਮਸੀ ਨੂੰ ਅਜਿਹੇ ਮੁੱਦਿਆਂ ਪ੍ਰਤੀ ਲਚਕਦਾਰ ਹੋਣਾ ਚਾਹੀਦਾ ਹੈ।
ਇਕ ਹੋਰ ਮਾਹਰ ਨੇ ਕਿਹਾ, NMC ਕਮੀਆਂ ਨੂੰ ਦੇਖਦੇ ਹੋਏ ਮੈਡੀਕਲ ਕਾਲਜਾਂ ਨੂੰ ਡੀ-ਐਫੀਲੀਏਟ ਕਰ ਰਿਹਾ ਹੈ। ਪਰ ਇਸ ਦੇ ਨਾਲ ਹੀ, ਐਨਐਮਸੀ ਨੇ ਅਜਿਹੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਦਿੱਤੀ ਹੈ, ਜਿਹੜੇ ਉਸਦੇ ਨਿਯਮਾਂ ਮੁਤਾਬਕ ਨਹੀਂ ਚੱਲ ਰਹੇ।
ਅਜਿਹੇ ਪ੍ਰਯੋਗਾਂ ਨਾਲ ਵਿਸ਼ਵ ਪੱਧਰ ਉੱਤੇ ਭਾਰਤ ਦੀ ਛਵੀ ਖ਼ਰਾਬ ਹੋ ਰਹੀ ਹੈ, ਕਿਉਂਕਿ ਭਾਰਤ ਡਾਕਟਰਾਂ ਦਾ ਸਭ ਤੋਂ ਵੱਡਾ ਸਪਲਾਇਰ ਹੈ ਅਤੇ ਜੇਕਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਦੁਨੀਆ ਦਾ ਭਾਰਤੀ ਡਾਕਟਰਾਂ ਤੋਂ ਵਿਸ਼ਵਾਸ ਖਤਮ ਹੋ ਜਾਵੇਗਾ।