Punjab

ਦਵਿੰਦਰ ਯਾਦਵ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਭਾਰੀ !

ਬਿਉਰੋ ਰਿਪੋਰਟ : ਪੰਜਾਬ ਕਾਂਗਰਸ ਦੀ ਅੰਦਰੂਨੀ ਜੰਗ ਵਿਚਾਲੇ ਹਾਈਕਮਾਨ ਨੇ ਸੂਬੇ ਦੇ ਨਵੇਂ ਪ੍ਰਭਾਰੀ ਦਾ ਐਲਾਨ ਕਰ ਦਿੱਤਾ ਹੈ। 6 ਸਾਲ ਬਾਅਦ ਹਰੀਸ਼ ਚੌਧਰੀ ਦੀ ਥਾਂ ‘ਤੇ ਦਵਿੰਦਰ ਯਾਦਵ ਨੂੰ ਪੰਜਾਬ ਕਾਂਗਰਸ ਦੇ ਪ੍ਰਭਾਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦਵਿੰਦਰ ਯਾਦਵ ਦਿੱਲੀ ਕਾਂਗਰਸ ਦੇ ਆਗੂ ਹਨ ਉਹ ਪਹਿਲਾਂ ਉਤਰਾਖੰਡ ਕਾਂਗਰਸ ਦੇ ਇੰਚਾਰਜ ਸਨ । ਯਾਦਵ ਦੇ ਪ੍ਰਭਾਰੀ ਬਣਨ ਨਾਲ ਸਿੱਧੂ ਧੜਾ ਖੁਸ਼ ਹੋਵੇਗਾ ਜਦਕਿ ਵੜਿੰਗ ਧੜੇ ਨੂੰ ਇਸ ਨਾਲ ਝਟਕਾ ਲੱਗਿਆ ਹੈ। ਉਧਰ ਲੋਕਸਭਾ ਚੋਣਾਂ ਨੂੰ ਵੇਖ ਦੇ ਹੋਏ ਦਵਿੰਦਰ ਯਾਦਵ ਦੇ ਸਾਹਮਣੇ 2 ਵੱਡੀਆਂ ਚੁਣੌਤੀਆਂ ਹਨ। ਉਧਰ ਕਾਂਗਰਸ ਹਾਈਕਮਾਨ ਨੇ 12 ਸੂਬਿਆਂ ਦੇ ਪਾਰਟੀ ਪ੍ਰਭਾਰੀਆਂ ਦਾ ਐਲਾਨ ਕੀਤਾ ਹੈ । ਪਰ ਰਾਜਸਥਾਨ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਹੀਂ ਬਦਲਿਆ ਹੈ।

ਹਰੀਸ਼ ਚੌਧਰੀ ਨੂੰ 2017 ਵਿੱਚ ਆਸ਼ਾ ਕੁਮਾਰੀ ਦੇ ਨਾਲ ਸਹਿ ਇੰਚਾਰਜ ਬਣਾਇਆ ਗਿਆ ਸੀ। 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਨਾਲ ਹਰੀਸ਼ ਚੌਧਰੀ ਸਹਿ ਪ੍ਰਭਾਰੀ ਬਣੇ ਰਹੇ। ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਉਣ ਅਤੇ ਚੰਨੀ ਨੂੰ ਬਿਠਾਉਣ ਵਿੱਚ ਉਨ੍ਹਾਂ ਦਾ ਵੱਡਾ ਹੱਥ ਸੀ। ਨਵਜੋਤ ਸਿੰਘ ਸਿੱਧੂ ਨੇ ਜਦੋਂ ਪ੍ਰਧਾਨ ਬਣਨ ਤੋਂ ਬਾਅਦ ਬਗਾਵਤ ਕੀਤੀ ਤਾਂ ਹਰੀਸ਼ ਰਾਵਤ ਭਾਵੇਂ ਸਿੱਧੂ ਦੇ ਨਾਲ ਸੀ ਪਰ ਹਰੀਸ਼ ਚੌਧਰੀ ਚੰਨੀ ਧੜੇ ਦਾ ਸਾਥ ਦੇ ਰਹੇ ਸਨ। ਜਦੋਂ ਉਤਰਾਖੰਡ ਦੀ ਚੋਣਾਂ ਦੌਰਾਨ ਹਰੀਸ਼ ਚੌਧਰੀ ਨੇ ਪ੍ਰਭਾਰੀ ਦੀ ਜ਼ਿੰਮੇਵਾਰੀ ਛੱਡੀ ਤਾਂ ਹਰੀਸ਼ ਚੌਧਰੀ ਨੂੰ ਪ੍ਰਭਾਰੀ ਬਣਾ ਦਿੱਤਾ ਗਿਆ। 2022 ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਜਦੋਂ ਸਿੱਧੂ ਨੇ ਵੱਖ ਤੋਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਤਾਂ ਹਰੀਸ਼ ਚੌਧਰੀ ਨੇ ਸਿੱਧੂ ਨੂੰ ਅਨੁਸ਼ਾਸਨਹੀਨਤਾ ਦਾ ਨੋਟਿਸ ਦਿੱਤਾ । ਪਰ ਜਵਾਬ ਦੇਣ ਤੋਂ ਪਹਿਲਾਂ ਹੀ ਸਿੱਧੂ ਜੇਲ੍ਹ ਚੱਲੇ ਗਏ । ਹੁਣ ਇੱਕ ਵਾਰ ਮੁੜ ਤੋਂ ਸਿੱਧੂ ਦੇ ਬਾਗੀ ਸੁਰ ਹਨ,ਹਰੀਸ਼ ਚੌਧਰੀ ਤੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਸੀ । ਚੌਧਰੀ ਰਾਜਾ ਵੜਿੰਗ ਧੜੇ ਨਾਲ ਮੀਟਿੰਗ ਕਰ ਰਹੇ ਸਨ। ਕੁੱਲ ਮਿਲਾਕੇ ਹਰੀਸ਼ ਚੌਧਰੀ ਦਾ ਜਾਣ ਸਿੱਧੂ ਖੇਮੇ ਲਈ ਵੱਡੀ ਰਾਹਤ ਦੀ ਖਬਰ ਹੈ।

ਦਵਿੰਦਰ ਯਾਦਵ ਲਈ 2 ਚੁਣਤੀਆਂ

ਨਵੇਂ ਪੰਜਾਬ ਕਾਂਗਰਸ ਦੇ ਪ੍ਰਭਾਰੀ ਬਣੇ ਦਵਿੰਦਰ ਯਾਦਵ ਦੇ ਲਈ 2 ਵੱਡੀਆਂ ਚੁਣੌਤੀਆਂ ਹਨ । ਸਭ ਤੋਂ ਵੱਡੀ ਧੜਿਆਂ ਵਿੱਚ ਵੰਡੀ ਕਾਂਗਰਸ ਨੂੰ ਇਕਜੁੱਟ ਕਰਨਾ ਜੋ ਅਸਾਨ ਨਹੀਂ ਹੈ। ਨਵਜੋਤ ਸਿੰਘ ਦੇ ਸੁਰ ਪਾਰਟੀ ਦੇ ਹੋਰ ਆਗੂਆਂ ਨਾਲ ਮਿਲਾਉਣ ਬਹੁਤ ਮੁਸ਼ਕਿਲ ਹੈ । ਸਿੱਧੂ ਦੀ ਰਾਹੁਲ ਅਤੇ ਪ੍ਰਿਯੰਕਾ ਦੇ ਨਾਲ ਸਿੱਧੀ ਗੱਲਬਾਤ ਵੀ ਪਾਰਟੀ ਵਿੱਚ ਅਨੁਸ਼ਾਸਨ ਨੂੰ ਲੈਕੇ ਵੱਡਾ ਰੋੜਾ ਹੈ । ਕਾਂਗਰਸ ਹਾਈਕਮਾਨ ਸਿੱਧੂ ਨੂੰ ਨਰਾਜ਼ ਇਸ ਲਈ ਵੀ ਨਹੀਂ ਕਰ ਸਕਦੀ ਹੈ ਕਿਉਂਕਿ ਪਾਰਟੀ ਨੇ ਪੂਰੇ ਦੇਸ਼ ਵਿੱਚ ਸਿੱਧੂ ਕੋਲੋ ਪ੍ਰਚਾਰ ਕਰਵਾਉਣਾ ਹੈ । ਪਰ ਮਜ਼ਬੂਰੀ ਇਹ ਵੀ ਹੈ ਕਿ ਹਾਈਕਮਾਨ ਪੰਜਾਬ ਵਿੱਚ ਕਾਂਗਰਸ ਨੂੰ ਟੁੱਟ ਦਾ ਹੋਇਆ ਵੀ ਨਹੀਂ ਵੇਖ ਸਕਦੀ ਹੈ।

ਦਵਿੰਦਰ ਯਾਦਵ ਦੇ ਸਾਹਮਣੇ ਦੂਜੀ ਚੁਣੌਤੀ ਹੈ INDIA ਗਠਜੋੜ ਦੇ ਅਧੀਨ ਪਾਟਰੀ ਦੇ ਦਿੱਗਜ ਆਗੂਆਂ ਅਤੇ ਵਰਕਰਾਂ ਨੂੰ ਰਾਜ਼ੀ ਕਰਨਾ । ਪ੍ਰਤਾਪ ਸਿੰਘ ਬਾਜਵਾ,ਭਰਤ ਭੂਸ਼ਣ ਆਸ਼ੂ,ਰਾਜਕੁਮਾਰ ਚੱਬੇਵਾਲ,ਪਰਗਟ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜੇਕਰ ਆਪ ਨਾਲ ਸਮਝੌਤਾ ਹੋਇਆ ਤਾਂ ਉਮੀਦਵਾਰ ਨਹੀਂ ਲੱਭਣਗੇ ਅਤੇ ਪਾਰਟੀ ਹਾਈਕਮਾਨ ਨੂੰ ਨਸੀਹਤ ਦਿੱਤੀ ਹੈ ਕਿ ਜੇਕਰ ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗਾ ਹਾਲ ਕਰਨਾ ਹੈ ਤਾਂ ਆਪ ਨਾਲ ਸਮਝੌਤਾ ਕਰ ਲਿਉ। ਹਾਲਾਂਕਿ ਨਵਜੋਤ ਸਿੰਘ ਸਿੱਧੂ,ਰਵਨੀਤ ਬਿੱਟੂ ਅਤੇ ਅੰਮ੍ਰਿਤਸਰ ਤੋਂ ਐੱਮਪੀ ਆਪ ਨਾਲ ਗਠਜੋੜ ਕਰਨ ਦੇ ਲਈ ਤਿਆਰ ਹਨ । ਕੁੱਲ ਮਿਲਾਕੇ ਦਵਿੰਦਰ ਯਾਦਵ ਲਈ ਪੰਜਾਬ ਦੀ ਸਿਆਸਤ ਨੂੰ ਸੰਭਾਲਣਾ ਕਿਸੇ ਸਿਰਦਰਦੀ ਤੋਂ ਘੱਟ ਨਹੀਂ ਹੈ । ਉਤਰਾਖੰਡ ਤੋਂ ਪੰਜਾਬ ਦੀ ਸਿਆਸਤ ਬਿਲਕੁਲ ਉਲਟ ਹੈ ਇੱਥੇ ਸਿਆਸੀ ਉਬਾਲ ਆਉਂਦੇ ਰਹਿੰਦੇ ਹਨ।