ਬਿਉਰੋ ਰਿਪੋਰਟ: SGPC ਬੋਰਡ ਦੀਆਂ ਚੋਣਾਂ ਲਈ ਵੋਟਾਂ ਬਣਵਾਉਣ ਦੀ ਤਾਰੀਕ ਇੱਕ ਵਾਰ ਫਿਰ ਵਧਾ ਦਿੱਤੀ ਗਈ ਹੈ। ਉਂਞ ਅੱਜ ਵੋਟਾਂ ਬਣਵਾਉਣ ਦਾ ਆਖ਼ਿਰੀ ਦਿਨ ਸੀ ਪਰ ਹੁਣ 16 ਸਤੰਬਰ ਤੱਕ ਵੋਟਾਂ ਬਣਾਈਆਂ ਸਕੀਆਂ ਜਾ ਸਕਦੀਆਂ ਹਨ। 2011 ਦੀ ਗੱਲ ਕਰੀਏ ਤਾਂ ਉਸ ਵੇਲੇ 52 ਲੱਖ ਵੋਟਾਂ ਬਣੀਆਂ ਸਨ, ਪਰ ਇਸ ਵਾਰ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸਿੱਖਾਂ ਦੀ ਗਿਣਤੀ 2011 ਵਿਚ ਹੋਈਆਂ ਚੋਣਾਂ ਦੇ ਮੁਕਾਬਲੇ ਲਗਭਗ ਅੱਧੀ ਰਹਿ ਗਈ ਹੈ।
ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟਰ ਰਜਿਸਟ੍ਰੇਸ਼ਨ ਦੀ ਸਮਾਂ ਸੀਮਾ ਤਿੰਨ ਵਾਰ ਵਧਾਉਣ ਦੇ ਬਾਵਜੂਦ ਰਜਿਸਟਰਡ ਵੋਟਰਾਂ ਦੀ ਗਿਣਤੀ 50% ਤੋਂ ਵੱਧ ਨਹੀਂ ਹੋ ਰਹੀ ਹੈ। ਲੋਕਾਂ ਵਿੱਚ SGPC ਦੀਆਂ ਵੋਟਾਂ ਬਣਾਉਣ ਦਾ ਰੁਝਾਨ ਬਹੁਤ ਮੱਠਾ ਨਜ਼ਰ ਆ ਰਿਹਾ ਹੈ। ਸਿੱਖ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਢਿੱਲੇ ਹੁੰਗਾਰੇ ਦਾ ਕਾਰਨ ਸ਼੍ਰੋਮਣੀ ਕਮੇਟੀ ਵਿੱਚ ਵਿਸ਼ਵਾਸ ਘਟਣ, ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਵਿਦੇਸ਼ਾਂ ਵਿੱਚ ਪਰਵਾਸ ਦਾ ਪ੍ਰਭਾਵ ਹੈ।
25 ਜੁਲਾਈ ਤੱਕ ਰਜਿਸਟਰਡ ਵੋਟਰਾਂ ਦੀ ਗਿਣਤੀ 27.87 ਲੱਖ ਸੀ, ਜਦੋਂ ਕਿ ਪਿਛਲੀਆਂ 2011 ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ 52 ਲੱਖ ਦੇ ਕਰੀਬ ਵੋਟਰ ਸਨ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਭਾਰਤ ਸਰਕਾਰ ਦੁਆਰਾ ਗਠਿਤ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਕਰਵਾਈਆਂ ਜਾਂਦੀਆਂ ਹਨ। ਵੋਟਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 21 ਅਕਤੂਬਰ, 2023 ਨੂੰ ਸ਼ੁਰੂ ਹੋਈ ਸੀ। ਸ਼ੁਰੂ ਵਿੱਚ, ਆਖਰੀ ਮਿਤੀ 15 ਨਵੰਬਰ, 2023 ਨਿਰਧਾਰਤ ਕੀਤੀ ਗਈ ਸੀ।
ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਅਪੀਲ ਕੀਤੀ ਹੈ ਕਿ ਵੱਧ ਤੋ ਵੱਧ ਲੋਕ ਫਾਰਮ ਨੰ.1 ਕੇਸਾਧਾਰੀ ਭਰ ਕੇ ਸਬੰਧਤ ਪਟਵਾਰੀ, ਬੀ.ਐਲ.ਓਜ, ਐੱਸ ਡੀ ਐੱਮ ਦਫ਼ਤਰ ਜਾਂ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ। ਵਧੇਰੀ ਜਾਣਕਾਰੀ ਲਈ ਸਬੰਧਤ ਤਹਿਸੀਲਦਾਰ ਅਤੇ ਐਸ ਡੀ ਐਮ ਦਫ਼ਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਹਨਾਂ ਫਾਰਮਾਂ ਦੇ ਨਾਲ ਇੱਕ ਪਾਸਪੋਰਟ ਸਾਈਜ ਫੋਟੋ ਦੇ ਨਾਲ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ, ਡਰਾਇਵਿੰਗ ਲਾਇਸੈਂਸ, ਪਾਸਪੋਰਟ, ਨਰੇਗਾ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਆਦਿ ਪਰੂਫ ਦੀ ਕਾਪੀ ਲਗਾਈ ਜਾ ਸਕਦੀ ਹੈ।
ਵੋਟ ਬਣਾਉਣ ਵਾਲੇ ਵਿਅਕਤੀ ਦੀ ਉਮਰ ਘੱਟ ਤੋ ਘੱਟ 21 ਸਾਲ ਹੋਣੀ ਚਾਹੀਦੀ ਹੈ ਅਤੇ ਉਸਦੀ ਆਸਥਾ ਸਿੱਖ ਧਰਮ ਵਿੱਚ ਹੋਣੀ ਚਾਹੀਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੀ ਵੋਟ ਬਣਾ ਸਕਦਾ ਹੈ।