‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇਣ ਦਾ ਦਅਵੇ ਕੀਤੇ ਜਾਂਦੇ ਰਹੇ ਹਨ। ਸਾਬਕਾ ਕੈਪਟਨ ਸਰਕਾਰ ਨੇ ਸਿੱਖਿਆ ਦੇ ਮਾਮਲੇ ‘ਚ ਪੰਜਾਬ ਨੂੰ ਨੰਬਰ ਵਨ ‘ਤੇ ਦਿਖਾਇਆ ਸੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਿੱਖਿਆ ਨੂੰ ਲੈ ਕੇ ਦਿੱਲੀ ਮਾਡਲ ਦੀ ਗੱਲ ਕਰਦੀ ਹੈ ਪਰ ਸਥਿਤੀ ਇੰਨਾਂ ਦਾਅਵਿਆਂ ਦੇ ਉਲਟ ਹੈ। ਪੰਜਾਬ ਦੇ ਵੱਡੀ ਗਿਣਤੀ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ। ਕਈਆਂ ਵਿੱਚ ਇੱਕ ਜਾਂ ਦੋ ਅਧਿਆਪਕਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਮਾਨ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਲੇਹਲ ਖੁਰਦ ਦੇ ਵਾਸੀਆਂ ਨੇ ਅਧਿਆਪਕਾਂ ਦੀ ਘਾਟ ਕਾਰਨ ਸਕੂਲ ਨੂੰ ਜਿੰਦਰਾ ਮਾਰ ਦਿੱਤਾ ਹੈ ਅਤੇ ਕਲਾਸਾਂ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਲੱਗ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੇ ਇੱਕੋ ਇੱਕ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤਾ 200 ਹੈ ਪਰ ਜਦਕਿ ਪੜ੍ਹਾਉਣ ਲਈ ਸਿਰਫ ਤਿੰਨ ਅਧਿਆਪਕ ਹਨ। ਜਿਨ੍ਹਾਂ ਵਿੱਚੋਂ ਇੱਕ ਹੈੱਡ ਟੀਚਰ ਹੈ ਅਤੇ ਉਹ ਵੀ ਪਹਿਲਾਂ ਕਾਫੀ ਸਮੇਂ ਤੋਂ ਮੈਡੀਕਲ ਛੁੱਟੀ ‘ਤੇ ਸੀ ਅਤੇ ਅਗਲੇ ਮਹੀਨੇ ਸੇਵਾਮੁਕਤ ਹੋ ਜਾਣਗੇ । ਪਿੰਡ ਦੇ ਲੋਕ ਕਹਿ ਰਹੇ ਹਨ ਕਿ 2 ਅਧਿਆਪਕ 200 ਬੱਚਿਆਂ ਨੂੰ ਕਿਵੇਂ ਪੜ੍ਹਾ ਸਕਦੇ ਹਨ, ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਇਸ ਲਈ ਉਨ੍ਹਾਂ ਨੇ ਸਕੂਲ ਨੂੰ ਤਾਲਾ ਲਗਾ ਦਿੱਤਾ ਹੈ ਤੇ ਆਪਣੇ ਪਿੰਡ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੱਚਿਆਂ ਦੇ ਪੜ੍ਹਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਪਿੰਡ ਵਾਸੀਆਂ ਨੇ ਸਪਸ਼ਟ ਕਿਹਾ ਕਿ ਜਦੋਂ ਤੱਕ ਜਦੋਂ ਤੱਕ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾਂਦਾ, ਤਦ ਤੱਕ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਦਿਲਚਸਪ ਗੱਲ ਇਹ ਕਿ ਬੱਚਿਆਂ ਦਾ ਖਾਣਾ-ਪੀਣਾ ਗੁਰਦੁਆਰਾ ਸਾਹਿਬ ਵਿੱਚ ਹੀ ਹੋ ਰਿਹਾ ਹੈ ਸਕੂਲ ਦੇ ਕਲਾਸ ਰੂਮ ਨੂੰ ਤਾਲਾ ਲੱਗਿਆ ਹੋਇਆ ਹੈ, ਸਕੂਲ ਵਿੱਚ ਦੋ ਅਧਿਆਪਕ ਮੁੱਖ ਅਧਿਆਪਕ ਮੌਜੂਦ ਰਹਿੰਦੇ ਹਨ ਪਰ ਪਿੰਡ ਵਾਸੀ ਉਨ੍ਹਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਨਹੀਂ ਦੇ ਰਹੇ ਹਨ।