ਮੁਹਾਲੀ : ਪੰਜਾਬ ਵਿੱਚ ਸਵੇਰ ਤੋਂ ਲਗਾਤਾਰ ਬਾਰਿਸ਼ ਜਾਰੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈ ਰਿਹਾ। ਇਨ੍ਹਾਂ ਵਿੱਚ ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਸ਼ਾਮਲ ਹਨ।
ਸਵੇਰੇ ਹੀ ਕਈ ਥਾਵਾਂ ‘ਤੇ ਬੱਦਲਵਾਈ ਹੋ ਗਈ। ਕਈ ਥਾਵਾਂ ‘ਤੇ ਤਾਂ ਹਲਕੀ ਕਿਣਮਿਣ ਹੋ ਰਹੀ ਹੈ ਮਾਨਸੂਨ ਦੇ 26 ਅਗਸਤ ਤੋਂ ਸਰਗਰਮ ਹੋਣ ਦੀ ਸੰਭਾਵਨਾ ਹੈ ਪਰ ਇਸ ਸਬੰਧੀ ਅਜੇ ਤੱਕ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਟਿਆਲਾ ਵਿੱਚ ਕੁੱਝ ਇਲਾਕਿਆਂ ਵਿੱਚ ਮੀਂਹ ਪਿਆ ਹੈ। ਕਰੀਬ ਅੱਧਾ ਘੰਟਾ ਚੱਲੀ ਬਰਸਾਤ ਕਾਰਨ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ।
ਇਸ ਦੌਰਾਨ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਅਤੇ ਫ਼ਿਰੋਜ਼ਪੁਰ ਵਿੱਚ 0.5 ਮਿਲੀਮੀਟਰ ਬਾਰਿਸ਼ ਹੋਈ। ਲੁਧਿਆਣਾ ਵਿੱਚ 2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਲੁਧਿਆਣਾ ਦੇ ਸਮਰਾਲਾ ਦਾ ਤਾਪਮਾਨ 37.4 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਸਵੇਰੇ ਚਾਰ ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਰ ਪਟਿਆਲੇ ਵਿਚ ਹੀ ਮੀਂਹ ਪਿਆ। ਬਾਕੀ ਤਿੰਨ ਖੇਤਰਾਂ ਵਿੱਚ ਮੌਸਮ ਸਾਫ਼ ਰਿਹਾ। ਇਹ ਅਲਰਟ ਸਵੇਰੇ 5 ਤੋਂ 7.30 ਵਜੇ ਤੱਕ ਸੀ। ਫਿਲਹਾਲ ਮੌਸਮ ਵਿਭਾਗ ਵੱਲੋਂ ਅੱਜ ਲਈ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਸਾਲ ਪੰਜਾਬ ਵਿਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ। 1 ਜੂਨ ਤੋਂ 22 ਅਗਸਤ ਤੱਕ ਬਾਰਿਸ਼ 35 ਫੀਸਦੀ ਘਟੀ ਹੈ। ਇਸ ਦੇ ਨਾਲ ਹੀ ਅਗਸਤ ਮਹੀਨੇ ‘ਚ ਬਾਰਿਸ਼ 11 ਫੀਸਦੀ ਘੱਟ ਹੋਈ ਹੈ।