ਬਿਊਰੋ ਰਿਪੋਰਟ : ਦਰਬਾਰ ਸਾਹਿਬ ਤਿਰੰਗਾ ਵਿਵਾਦ ਤੋਂ ਬਾਅਦ ਹੁਣ ਉਹ ਕੁੜੀ ਸਾਹਮਣੇ ਆਈ ਹੈ ਜਿਸ ਨੇ ਇਲਜ਼ਾਮ ਲਗਾਇਆ ਸੀ ਕਿ ਸੇਵਾਦਾਰ ਨੇ ਉਸ ਨੂੰ ਝੰਡੇ ਦੀ ਵਜ੍ਹਾ ਕਰਕੇ ਅੰਦਰ ਨਹੀਂ ਜਾਣ ਦਿੱਤਾ ਸੀ। ਕੁੜੀ ਸੰਦਲੀ ਮਹਿਤਾ ਨੇ ਮੁਆਫੀ ਮੰਗ ਦੇ ਹੋਏ ਕਿਹਾ ਕਿ ‘ਸਾਡੇ ਵੱਲੋਂ ਕੋਈ ਵੀ ਅਜਿਹੀ ਗਲਤੀ ਹੋ ਗਈ ਹੋਵੇ ਜਾਂ ਫਿਰ ਕੋਈ ਗਲਤ ਸ਼ਬਦ ਬੋਲੇ ਗਏ ਹੋਣ ਜਿਸ ਨਾਲ ਕਿਸੇ ਦੇ ਦਿਲ ਨੂੰ ਤਕਲੀਫ ਪਹੁੰਚੀ ਹੋਵੇ ਤਾਂ ਅਸੀਂ ਇਸ ਦੇ ਲਈ ਮੁਆਫੀ ਮੰਗ ਦੇ ਹਾਂ’ । ‘ਮੈਂ ਇਨ੍ਹੀ ਵੱਡੀ ਨਹੀਂ ਕਿ ਤੁਸੀਂ ਮੇਰੇ ਤੋਂ ਮੁਆਫੀ ਮੰਗੋ ਮੈਂ ਤੁਹਾਡੇ ਤੋਂ ਮੁਆਫੀ ਮੰਗ ਦੀ ਹਾਂ।’ ਉਧਰ ਇਸ ਤੋਂ ਪਹਿਲਾਂ ਕੁੜੀ ਦੇ ਪਿਤਾ ਵੀ ਮੀਡੀਆ ਦੇ ਸਾਹਮਣੇ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਗੱਲ ਰੱਖੀ ਸੀ।
ਕੁੜੀ ਦੇ ਪਿਤਾ ਦਾ ਬਿਆਨ
ਕੁੜੀ ਦੇ ਪਿਤਾ ਰਾਜੀਵ ਮਹਿਤਾ ਨੇ ਕਿਹਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਹੈ ਕੁਝ ਸਾਡਾ ਅਤੇ ਕੁਝ ਸੇਵਾਦਾਰ ਦਾ ਕਸੂਰ ਸੀ,ਮੇਰੀ ਧੀ ਵੱਲੋਂ ਸੇਵਾਦਾਰ ਨੂੰ ਬਕਵਾਸ ਕਹਿਣ ‘ਤੇ ਮੈਂ ਮੁਆਫੀ ਮੰਗ ਦਾ ਹਾਂ। ਦਰਬਾਰ ਸਾਹਿਬ ਪ੍ਰਤੀ ਮੇਰੀ ਬਹੁਤ ਆਸਥਾ ਹੈ । ਮੈਂ ਗੁਰੂ ਮਹਾਰਾਜ ਤੋਂ ਮੁਆਫੀ ਮੰਗਾਂਗਾ,ਪਿਤਾ ਨੇ ਕਿਹਾ ਵਿਵਾਦ ਉਸੇ ਵੇਲੇ ਹੀ ਖਤਮ ਹੋ ਗਿਆ ਸੀ ਜਦੋਂ ਕਮੇਟੀ ਦੇ ਮੈਂਬਰ ਨੇ ਸਾਡੇ ਨਾਲ ਆਕੇ ਬਹੁਤ ਹੀ ਪਿਆਰ ਨਾਲ ਗੱਲ ਕੀਤੀ । ਰਾਜੀਵ ਮਹਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਅਜਿਹਾ ਕੁਮੈਂਟ ਨਾ ਕਰਨ ਜਿਸ ਨਾਲ ਹਿੰਦੂ-ਸਿੱਖ ਏਕਤਾ ਵਿੱਚ ਕੋਈ ਫਰਕ ਪਏ । ਉਧਰ ਐੱਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਕਿਹਾ ਅਸੀਂ ਰਾਜੀਵ ਮਹਿਤਾ ਜੀ ਦਾ ਸੁਆਗਤ ਕਰਦੇ ਹਾਂ ਪਰ ਵੀਡੀਓ ਵਿੱਚ ਜਿਸ ਤਰ੍ਹਾਂ ਸੇਵਾਦਾਰ ਨੂੰ ਇਹ ਵਿਖਾਇਆ ਗਿਆ ਕਿ ਉਹ ਦੇਸ਼ ਭਗਤ ਨਹੀਂ ਹੈ ਉਹ ਗਲਤ ਸੀ। ਗੁਰਚਰਨ ਸਿੰਘ ਨੇ ਉਨ੍ਹਾਂ ਲੋਕਾਂ ਦੀ ਵੀ ਅਲੋਚਨਾ ਕੀਤੀ ਜਿੰਨਾਂ ਨੇ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ।
ਮੈਂ ਜਰਦਾ ਨਹੀਂ ਖਾਂਦਾ
ਕੁੜੀ ਦੇ ਪਿਤਾ ਰਾਜੀਵ ਮਹਿਤਾ ਨੇ ਕਿਹਾ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੇਰੇ ਕੋਲੋ ਜਰਦਾ ਮਿਲਿਆ ਸੀ ਤਾਂ ਮੈਂ ਸਪੱਸ਼ਟ ਕਰ ਦਿੰਦਾ ਹਾਂ ਕਿ ਮੈਂ ਜਰਦਾ ਨਹੀਂ ਖਾਂਦਾ ਹਾਂ। ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਏ ਅਤੇ ਉਨ੍ਹਾਂ ਨੇ ਸਾਡੇ ਤੋਂ ਮੁਆਫ਼ੀ ਮੰਗੀ ਅਤੇ ਸਾਨੂੰ ਦਰਸ਼ਨ ਕਰਨ ਲਈ ਕਿਹਾ। ਪਰ ਮੇਰੀ ਬੇਟੀ ਉਦਾਸ ਹੋ ਚੁੱਕੀ ਸੀ ਅਤੇ ਉਹ ਘਰ ਜਾਣ ਦੀ ਗੱਲ ਕਰਨ ਲੱਗ ਪਈ ਸੀ ਪਰ ਮੈਂ ਉਸਨੂੰ ਸਮਝਾਇਆ। ਪਿਤਾ ਨੇ ਕਿਹਾ ਹਿੰਦੂ ਅਤੇ ਸਿੱਖਾਂ ਵਿੱਚ ਬਹੁਤ ਪਿਆਰ ਹੈ। ਇਸ ਲਈ ਜੇ ਮੇਰੀ ਵਜ੍ਹਾ ਕਰਕੇ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ, ਤਾਂ ਉਸਦੇ ਲਈ ਮੈਂ ਮੁਆਫ਼ੀ ਮੰਗਦਾ ਹਾਂ। ਇਸ ਮਸਲੇ ਨੂੰ ਧਰਮ ਦਾ ਮਾਮਲਾ ਨਾ ਬਣਾਇਆ ਜਾਵੇ। ਅਸੀਂ ਸੱਚੀ ਸ਼ਰਧਾ ਦੇ ਨਾਲ ਗਏ ਸੀ। ਲੋਕਾਂ ਨੂੰ ਮੇਰੀ ਬੇਟੀ ਦੇ ਮੂੰਹ ਉੱਤੇ ਲੱਗਾ ਤਿਰੰਗਾ ਦਿਸ ਗਿਆ, ਉਸਦੇ ਛੋਟੇ ਕੱਪੜੇ ਦਿਸ ਗਏ ਪਰ ਉਸਨੇ ਸਿਰ ਉੱਤੇ ਜੋ ਨਿਸ਼ਾਨ ਸਾਹਿਬ ਵਾਲਾ ਰੁਮਾਲਾ ਬੰਨਿਆ ਹੋਇਆ ਸੀ, ਉਹ ਕਿਸੇ ਨੂੰ ਨਹੀਂ ਦਿਸਿਆ, ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੋਇਆ। ”