India International Khaas Lekh Punjab

ਕੀ ਇਕੱਲੀ ਇੰਦਰਾ ਗਾਂਧੀ ਦੀ ‘ਬੱਜਰ ਗਲਤੀ’ ਹੈ ਸਾਕਾ ਨੀਲਾ ਤਾਰਾ?

‘ਦ ਖ਼ਾਲਸ ਟੀਵੀ ਬਿਊਰੋ :- ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਸ਼੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਉੱਤੇ ਕੀਤੇ ਗਏ ਫੌਜੀ ਹਮਲੇ ਨੇ ਦੇਸ਼-ਵਿਦੇਸ਼ ਅੰਦਰ ਬੌਧਿਕ ਹਲਕਿਆਂ ਦਾ ਤਿੱਖਾ ਧਿਆਨ ਖਿੱਚਿਆ ਹੈ। ਦੁਨੀਆਂ ਭਰ ਦੇ ਪ੍ਰਮੁੱਖ ਅਖਬਾਰਾਂ ਤੇ ਰਸਾਲਿਆਂ ਨੇ ਚਲੰਤ ਰਿਪੋਰਟਾਂ ਲੇਖਾਂ ਅਤੇ ਸੰਪਾਦਕੀ ਟਿੱਪਣੀਆਂ ਦੇ ਇਸ ਰੂਪ ਵਿੱਚ ਇਸ ਬਾਰੇ ਆਪਣੀਆਂ ਫੌਰੀ ਰਾਵਾਂ ਪ੍ਰਗਟਾਈਆਂ। ਥੋੜ੍ਹੇ ਹੀ ਚਿਰਾਂ ਬਾਅਦ ਇਸ ਮਸਲੇ ਬਾਰੇ ਬੱਝਵੇਂ ਭਰਵੇਂ ਵਿਚਾਰ ਪੇਸ਼ ਕਰਦੀਆਂ ਕਿਤਬਾਂ ਵੀ ਪ੍ਰਕਾਸ਼ਿਤ ਹੋ ਗਈਆਂ। ਇਨ੍ਹਾਂ ਲੇਖਾਂ ਟਿਪਣੀਆਂ ਦੀ ਭਾਰੀ ਸੁਰ ਪੜਚੋਲਵੀਂ ਸੀ।

ਦੇਸ਼ ਵਿਦੇਸ਼ ਅੰਦਰ ਸਿਖ ਭਾਈਚਾਰੇ ਦੁਆਰੇ ਪ੍ਰਗਟਾਏ ਗਏ ਗੁਸੇ ਭਰੇ ਪ੍ਰਤੀਕਰਮ ਨੂੰ ਦੇਖਦੇ ਹੋਏ ਜ਼ਿਆਦਾਤਰ ਖਾਸ ਕਰਕੇ ਗੈਰ ਹਿੰਦੂ ਟਿੱਪਣੀਕਾਰਾਂ ਨੇ ਇਸ ਹਮਲੇ ਨੂੰ ਇੰਦਰਾਂ ਗਾਂਦੀ ਦੀ ਬੱਜਰ ਗਲਤੀ ਗਰਦਾਨਿਆਂ। ਪ੍ਰਤੂੰ ਕਈ ਸਾਰੇ ਹਿੰਦੂ ਪੱਤਰਕਾਰਾਂ ਤੇ ਕਾਲਮਨਵੀਸਾਂ ਨੇ ਇਸ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਦੁਆਰਾ ਅੱਤ ਦੀ ਮਜ਼ਬਹੂਰੀ ਵਸ ਚੁੱਕਿਆ ਮੰਦਭਾਗਾ ਕਦਮ ਕਹਿ ਕੇ ਇੰਦਰਾ ਗਾਂਧੀ ਨੂੰ ਢਾਲ ਮੁਹੱਈਆ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਲੇਖਕਾਂ ਨੇ ਆਪਣੇ ਵਲੋਂ ਇੰਦਰਾ ਗਾਂਧੀ ਦੁਆਰਾ ਚੁੱਕੇ ਗਏ ਇਸ ਸਿਰੇ ਦੇ ਕਦਮ ਦੀ ਪਿਛੋਕੜ ਵਿੱਚ ਜਾਣ ਅਤੇ ਇਸ ਦੀ ਧਾਹ ਪਾਹੁਣ ਦੇ ਯਤਨ ਕੀਤੇ ਗਏ।

ਭਾਵੇਂ ਕੁਝ ਗਹਿਰ ਗੰਭੀਰ ਚਿੰਤਕਾਂ ਨੇ ਇਸ ਸਮੁੱਚੇ ਘਟਨਾ ਕ੍ਰੰਮ ਨੂੰ ਸਮਝਣ ਲਈ ਗਹਿਰੇ ਉਤਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂਜ਼ਿਆਦਾਤਰ ਲੇਖਕਾਂ ਦੀ ਨੀਝ ਸਤਹੀ ਤੋਂ ਪਾਰ ਨਾ ਜਾ ਸਕੀ ਅਤੇ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਨਿਰਣੇ ਸੱਚਾਈ ਤੋਂ ਨਾ ਸਿਰਫ ਕੋਹਾਂ ਦੂਰ ਸਨ ਸਗੋਂ ਅਜਿਹੀ ਕੱਚਘੜਤ ਵਿਸ਼ਲੇਸ਼ਣਕਾਰੀ ਨੇ, ਜਾਣੇ ਅਣਜਾਣੇ ਰੂਪ ਵਿਚ ਸੱਚਾਈ ਤੇ ਪਰਦਾਪੋਸ਼ ਕਰਨ ਅਤੇ ਲੋਕਾਂ ਦੇ ਮਾਨਂ ਅੰਦਰ ਗੰਧਲ ਚੌਂਦ ਪੈਦਾ ਕਰਨ ਦੀ ਹਾਨੀਕਾਰਕ ਭੂਮਿਕਾ ਨਿਭਾਈ। ਇਸ਼ ਘਟਨਾ ਕ੍ਰਮ ਨੂੰ ਨਿਰੋਲ ਇੰਦਰਾ ਗਾਂਧੀ ਦੀ ਜ਼ਾਤ ਨਾਲ ਜੋੜ ਕੇ ਦੇਖਣ ਦੀ ਬਿਰਤੀ ਇਸ ਮਸਲੇ ਦੀ ਤਹਿ ਤੱਕ ਪਹੁੰਚਣ ਦੇ ਰਾਹ ਦੀ ਸਭ ਨਾਲੋਂ ਵੱਡੀ ਸਿਧਾਂਤਕ ਰੋਕ ਸਾਬਿਤ ਹੋਈ।

ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਫੈਸਲਾ, ਬਿਨਾਂ ਸ਼ੱਕ ਇੰਦਰਾ ਗਾਂਧੀ ਦੇ ਰਾਜਸੀ ਜੀਵਨ ਦਾ ਸਭ ਨਾਲੋਂ ਅਹਿਮ ਅਤੇ ਇਕ ਹਿਸਾਬ ਨਾਲ ਸਭ ਤੋਂ ਨਹਿਸ਼ ਫੈਸਲਾ ਸੀ। ਇਸ ਕਰਕੇ ਇਸ ਫੈਸਲੇ ਦੇ ਪਿੱਛੇ ਕੰਮ ਕਰਦੇ ਤੱਥਾਂ ਤੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਵੇਲੇ ਇੰਦਰਾਂ ਦੀ ਜ਼ਾਤ(Person) ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਇੰਦਰਾ ਗਾਂਧੀ ਦੀ ਸਖਸ਼ੀ ਬਣਤਰ, ਰਾਜਨੀਤਕ ਹਸਤੀਆਂ ਅਤੇ ਘਟਨਾਵਾਂ ਪ੍ਰਤੀ ਉਸਦੀ ਪਹੁੰਚ, ਉਸ ਦਾ ਸਮੁੱਚਾ ਰਾਜਨੀਤਕ ਆਚਾਰ ਵਿਹਾਰ, ਉਸਦੀਆਂ ਮਨੋਪ੍ਰਵਿਰਤੀਆਂ, ਮਨੋ ਵੇਗ ਅਤੇ ਆਕਾਂਖਿਆਵਾਂ ਦਾ ਇਸ ਫੈਸਲੇ ਅੰਦਰ ਯਕੀਨਨ ਹੀ ਅਹਿਮ ਦਖਲ ਹੈ। ਪਰ ਇਸ ਵਿੱਚੋਂ ਇਹ ਰਾਜਸੀ ਸਿੱਟਾ ਕੱਢਣਾ ਕਿ ਗਲਤ ਹੋਵੇਗਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਫੈਸਲਾ ਨਿਰੋਲ ਇੰਦਰਾ ਗਾਂਧੀ ਦੇ ਮਨੋ ਵੇਗ ਜਾਂ ਉਸਦੀਆਂ ਨਿਰੋਲ ਨਿੱਜੀਗਤ ਰਾਜਸੀ ਪਰੇਸ਼ਾਨੀਆਂ ਤੇ ਲੋੜਾਂ ਦੀ ਪੈਦਾਇਸ਼ ਸੀ। ਕਿਉਂਕਿ ਜੇਕਰ ਇੰਦਰਾਗਾਂਧੀ ਦੀਆਂ ਰਾਜਸੀ ਮੁਸ਼ਕਲਾਂ ਜਾਂ ਪਰੇਸ਼ਾਨੀਆਂ ਦੀ ਹੀ ਗੱਲ ਕੀਤੀ ਜਾਵੇ ਤਾਂ ਇਹ ਵੀ ਕਿਸੇ ਖਲਾਅ ਵਿੱਚ ਪੈਦਾ ਨਹੀਂ ਸਨ ਹੋਈਆਂ। ਇਸ ਕਰਕੇ ਸਮੁੱਚੇ ਵਰਤਾਰੇ ਦਾੀ ਦਰੁਸਤ ਵਿਸ਼ਲੇਸ਼ਣ ਕਰਨ ਲਈ ਇੰਦਰਾ ਗਾਂਧੀ ਦੀ ਜਾਤ ਨਾਲ ਜੁੜੇ ਤਥਾਂ ਨੂੰ ਇਕ ਨਿਸਚਿਤ ਇਤਿਹਾਸਕ ਤੇ ਰਾਜਸੀ ਚੁਗਿਰਦੇ ਵਿਚ ਕਾਰਜਸ਼ੀਲ ਹੁੰਦੇ ਦੇਖਿਆ ਜਾਣਾ ਚਾਹੀਦਾ ਹੈ। (ਅਜਮੇਰ ਸਿੰਘ ਦੀ ਕਿਤਾਬ-1984 ਅਣਚਿਤਵਿਆ ਕਹਿਰ ‘ਚੋਂ ਸਨਮਾਨ ਨਾਲ)