”ਸਾਕਾ ਨੀਲਾ ਤਾਰਾ, ਫੌਜੀ ਜ਼ਬਾਨ ਵਿੱਚ ਉਪਰੇਸ਼ਨ ਬਲਿਊ ਸਟਾਰ। ਸ਼੍ਰੀ ਦਰਬਾਰ ਸਾਹਿਬ ਦੀਆਂ ਅੱਖਾਂ ਨੇ ਬਹੁਤ ਕੁੱਝ ਦੇਖਿਆ ਹੈ। ਸ਼੍ਰੀ ਦਰਬਾਰ ਸਾਹਿਬ ਦੀ ਡਿਓਢੀ ਅੰਦਰ ਰੂੰ ਦੇ ਫੰਬਿਆਂ ਵਾਂਗ ਉੱਡਦੇ ਸ਼ਰੀਰ ਸੋਚ ਕੇ ਹੀ ਮਨਾਂ ਅੰਦਰ ਦਹਿਲ ਉੱਠਦਾ ਹੈ। ਬਹੁਤ ਥੋੜ੍ਹੇ ਅਫਸਰ ਨੇ ਜਿਨ੍ਹਾਂ ਨੇ ਉਸ ਅੱਖੀਂ ਵੇਖੇ ਮੰਜ਼ਰ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ। 6 ਜੂਨ ਤੋਂ ਬਾਅਦ ਦੇ ਹਾਲਾਤਾਂ ਨੂੰ ਬਿਆਨਣਾ ਆਮ ਬੰਦੇ ਦੀ ਜ਼ਾਤ ਦੇ ਵੱਸ ਦੀ ਗੱਲ ਨਹੀਂ। ਨ੍ਰਿਪਇੰਦਰ ਰਤਨ ਉਸ ਵੇਲੇ ਜਲੰਧਰ ਡਿਵੀਜਨ ਦੇ ਕਮਿਸ਼ਨਰ (ਅਪੀਲਸ) ਤੈਨਾਤ। 36 ਵਰ੍ਹਿਆਂ ਬਾਅਦ ਉਨ੍ਹਾਂ ਦਰਬਾਰ ਸਾਹਿਬ ਦੇ ਅੰਦਰ ਲੜਾਈ ਮੁੱਕਣ ਮਗਰੋਂ ਜੋਂ ਦ੍ਰਿਸ਼ ਸੀ, ਉਸ ਨੂੰ ਹੂਬਹੂ ਬਿਆਨਣ ਦਾ ਯਤਨ ਕੀਤਾ ਹੈ।” ਸਾਰਾ ਕੁੱਝ ਕਿੰਨਾ ਭਿਆਨਕ ਸੀ, ਤੁਸੀਂ ਵੀ ਵੋਖੇ….
-ਨ੍ਰਿਪਇੰਦਰ ਰਤਨ
ਤਾਰਾਂ ਟੱਪ ਕੇ ਅਸੀਂ ਅੰਦਰ ਵੜੇ ਅਤੇ ਉੱਥੇ ਹਾਲ ਦੇਖਿਆ ਜੋ ਕਦੀ ਚਿਤਵਿਆ ਨਹੀਂ ਜਾ ਸਕਦਾ। ਪੰਜ ਸੱਤ ਕਦਮ ਤੁਰਨ ਪਿੱਛੋਂ ਹੀ ਫਰਸ਼ ਉੱਤੇ ਖੂਨ ਹੀ ਖੂਨ ਸੁੱਕਿਆ ਪਿਆ ਸੀ। ਜੁੱਤੀਆਂ ਰੱਖਣ ਵਾਲੇ ਪਾਸੇ ਵੱਲ ਦੋ ਟਰੈਕਟਰ ਟ੍ਰਾਲੀਆਂ ਖੜ੍ਹੀਆਂ ਸਨ। ਅਸੀਂ ਦਰਸ਼ਨੀ ਡਿਓਢੀ ਦੇ ਅੰਦਰ, ਦਰਬਾਰ ਸਾਹਿਬ ਜਾਣਾ ਸੀ। ਪਤਾ ਨਹੀਂ ਕਿਸ ਸਬ-ਚੇਤੰਨ ਭਾਵਨਾ ਨਾਲ ਅਸੀਂ ਨੇ ਆਪਣੀਆਂ ਚੱਪਲਾਂ ਬੂਟ ਉਤਾਰ ਦਿੱਤੇ, ਪੈਰ ਧੋਣ ਵਾਲੇ ਚੁਬੱਚੇ ਵਿੱਚ ਪੈਰ ਧੋਤੇ, ਮੁੱਖ ਸਕੱਤਰ ਅਤੇ ਹੋਰ ਗੈਰ ਸਿੱਖ ਅਫਸਰਾਂ ਨੇ ਰੁਮਾਲਾਂ ਨਾਲ ਸਿਰ ਢੱਕ ਲਏ। ਸੜਹਾਂਦ ਅਤੇ ਬਦਬੂ ਦਾ ਅੰਤ ਨਹੀਂ ਸੀ, ਭਿਅੰਕਰ ਚੁੱਪ ਚੁਫੇਰੇ ਫੈਲੀ ਹੋਈ ਸੀ। ਟਰੈਕਟਰ ਟ੍ਰਾਲੀਆਂ ਵਿੱਚ ਲਾਸ਼ਾਂ ਲੱਦੀਆਂ ਜਾ ਰਹੀਆਂ ਸਨ। ਹੋਰਨਾਂ ਵਾਂਗ ਮੈਂ ਵੀ ਸਿੱਧਾ ਦਰਸ਼ਨੀ ਡਿਓਢੀ ਵਿਚ ਪਹਿਲਾਂ ਵੜ ਗਿਆ। ਵਿਚਕਾਰ ਵਾਲੇ ਵੱਡੇ ਦਰਵਾਜੇ ਰਾਹੀਂ ਅਤੇ ਟ੍ਰਾਲੀਆਂ ਵੱਲ ਦੇਖਿਆ ਨਹੀਂ। ਪਰ ਫਿਰ ਦਿਲ ਤਗੜਾ ਕੀਤਾ ਕਿ ਦੇਖ ਤਾਂ ਲਵਾਂ ਕਿ ਕੀ ਹਨ। ਕਿਵੇਂ ਹਨ। ਤਾਂ ਹੀ ਚਾਰ ਕਦਮ ਤੁਰ ਕੇ ਟ੍ਰਾਲੀਆਂ ਵੱਲ ਆਇਆ।
ਬੜਾ ਭਿਅੰਕਰ ਦ੍ਰਿਸ਼ ਸੀ। ਸ਼ਾਬਦਿਕ ਅਰਥਾਂ ਵਿੱਚ ਜਿਵੇਂ ਕੂੜਾ ਅਤੇ ਗੰਦ ਭਰਿਆ ਜਾਂਦਾ ਹੈ, ਉਂਝ ਹੀ ਟਰਾਲੀਆਂ ਭਰੀਆਂ ਜਾ ਰਹੀਆਂ ਸਨ-ਇਕ ਦੂਜੇ ਉੱਤੇ ਲਾਸ਼ਾਂ ਚੜ੍ਹੀਆਂ ਹੋਈਆਂ ਸਨ।ਕਿਸੇ ਦਾ ਸਿਰ ਫਟਿਆ ਪਿਆ ਸੀ, ਕਿਸੇ ਦੀਆਂ ਆਂਤੜਾਂ ਨਿਕਲੀਆਂ। ਕਿਸੇ ਦੀ ਲੱਤ ਉੱਚੀ ਪਈ ਸੀ, ਕਿਸੇ ਦੀ ਬਾਂਹ, ਬਹੁਤ ਸਾਰਿਆਂ ਦੇ ਢਿੱਡ ਫੁੱਲੇ ਪਏ ਸਨ। ਜੋ ਹਾਲ ਅਵਾਰਾ ਮਰੇ ਪਏ ਕੁੱਤੇ ਦੀ ਲਾਸ਼ ਦਾ ਹੋਇਆ ਪਿਆ ਹੁੰਦਾ ਹੈ, ਢਿੱਡ ਫੁੱਲਾ, ਲੱਤਾਂ ਬਾਹਵਾਂ ਆਕੜੀਆਂ, ਅੱਖਾਂ ਖੁਲ੍ਹੀਆਂ, ਮੂੰਹ ਟੱਡਿਆ ਹੋਇਆ, ਮੱਖੀਆਂ ਮੂੰਹ ਅੱਖਾਂ ਜ਼ਖਮਾਂ ਵਿੱਚ ਵੜਦੀਆਂ ਤੇ ਨਿਕਲਦੀਆਂ। ਬੱਸ ਬਿਲਕੁਲ ਉਹੋ ਹਾਲ ਸੀ ਲਾਂਸ਼ਾਂ ਦੇ ਢੇਰ ਦਾ। ਮੈਂ ਬਿੰਦ ਹੀ ਬਿੰਦ ਇਹ ਸਭ ਕੁੱਝ ਇੱਕ ਨਜ਼ਰਾਂ ਨਾਲ ਦੇਖਿਆ ਤੇ ਮੂੰਹ ਫੇਰ ਲਿਆ।
ਬ੍ਰਿਗੇਡੀਅਰ ਰਾਓ ਦੱਸਣ ਲੱਗਾ ਕਿ ਕਿੱਥੋਂ-ਕਿੱਥੋਂ ਗੋਲੀਬਾਰੀ ਹੋ ਰਹੀ ਸੀ। ਸੱਜੇ ਖੱਬੇ ਦੋਨੋਂ ਪਾਸੇ ਦੀਆਂ ਛੋਟੀਆਂ ਪੌੜੀਆਂ ਦੇ ਪਿੱਛੇ ਗਨਮੈਨ ਬੈਠੇ ਹਏ ਮਾਰ ਕਰ ਰਹੇ ਸਨ। ਦੋਨੋਂ ਪਾਸੇ ਦੀਆਂ ਛੋਟੀਆਂ ਪੌੜੀਆਂ ਵਿੱਚ ਖੂਨ ਹੀ ਖੂਨ ਸੀ। ਦੀਵਾਰਾਂ ਉੱਤੇ, ਫਰਸ਼ ਉੱਤੇ ਪੌੜੀਆਂ ਉੱਤੇ। ਅਸੀਂ ਮੁੱਖ ਪੌੜੀਆਂ ਵੱਲੋਂ ਪਰਿਕਰਮਾ ਵਿੱਚ ਉੱਤਰੇ। ਸਾਹਮਣੇ ਖੱਬੇ ਹੱਥ ਵੱਲ ਮੁਨਾਰਿਆਂ ਦੇ ਕਿੰਗਰੇ ਢੱਠੇ ਹੋਏ, ਦੂਰ ਅਟੱਲ ਸਾਹਿਬ ਦੀ ਉੱਪਰਲੀ ਮੰਜਿਲ ਵਿੱਚ ਚਾਂਦ ਮਾਰੀ ਹੋਈ ਪਈ, ਪਾਰ ਚੌੜੀਆਂ ਪੌੜੀਆਂ ਵੱਲਂ ਧੂੰਏ ਦੇ ਬੱਦਲ ਉੱਠਦੇ ਪਏ, ਸਾਹਮਣੇ ਸੱਜੇ ਹੱਥ ਦਰਬਾਰ ਦੀ ਦਰਸ਼ਨੀ ਡਿਓਢੀ ਦੇ ਪਰਲੇ ਬੁਰਜ ਢੱਠੇ ਹੋਏ ਨਜ਼ਰੀ ਆਏ। ਪਰਿਕਰਮਾ ਵਿੱਚ ਕੰਕਰ ਪੱਥਰ, ਸ਼ੀਸ਼ਾ, ਲੱਕੜਾਂ, ਬੂਹੇ, ਖੂਨ, ਹੱਡੀਆਂ ਸਭ ਕੁੱਝ ਹੀ ਖਿੰਡਰਿਆ ਪਿਆ ਸੀ।
ਪਰਿਕਰਮਾ ਵਿੱਚ ਖਲੋ ਕੇ ਸਰਵੇਖਣ ਕਰ ਹੀ ਰਹੇ ਸਾਂ ਕਿ ਦੁੱਖ ਭੰਜਨੀ ਬੇਰੀ ਵਾਲੇ ਮੁਨਾਰੇ ਵੱਲੋਂ ਬ੍ਰਹਮ ਬੂਟਾ ਅਖਾੜਾ ਦੇ ਮੁਨਾਰੇ ਵੱਲ ਅਚਾਨਕ ਬਰਸਟ ਵੱਜਿਆ ਅਤੇ ਦੇਖਿਆ ਕਿ ਵਿਚਕਾਰਲੀ ਮੰਜਿਲ ਦੇ ਦਰਵਾਜੇ ਵਿੱਚ ਬੈਠੇ ਫੌਜੀ ਮਸ਼ੀਨਗਨ ਨਾਲ ਫਾਇਰ ਕਰ ਰਹੇ ਸਨ। ਪਹਿਲੀ ਵਾਰ ਬਰਸਟ ਦੀ ਆਵਾਜ ਸੁਣ ਕੇ ਤਾਂ ਸਭ ਦਾ ਤ੍ਰਾਹ ਹੀ ਨਿਕਲ ਗਿਆ ਸੀ। ਪਰ ਬ੍ਰਿਗੇਡੀਅਰ ਰਾਓ ਨੇ ਦੱਸਿਆ ਕਿ ਦੂਜੇ ਮੁਨਾਰੇ ਵਿੱਚ ਕੁੱਝ ਲੋਕ ਅਜੇ ਛੁਪੇ ਹੋਏ ਸਨ ਅਤੇ ਉਨ੍ਹਾਂ ਨੂੰ ਦੱਬ ਕੇ ਰੱਖਣ ਲਈ ਇਹ ਕਵਰ ਫਾਇਰ ਸੀ।
ਅਸੀਂ ਬਾਬਾ ਬੁੱਢਾ ਬੇਰ ਵੱਲ 3-4 ਕਦਮ ਤੁਰੇ ਹੀ ਸੀ ਕਿ ਮੈਂ ਮਹਿਸੂਸ ਕੀਤਾ ਕਿ ਚੱਪਲਾਂ ਬੂਟ ਉਤਾਰ ਕੇ ਬਹੁਤ ਗਲਤ ਕੀਤਾ ਸੀ। ਫੌਜੀ ਸਾਰੇ ਰਬੜ ਦੇ ਬੂਟ ਪਾਈ ਫਿਰ ਰਹੇ ਸਨ। ਨੰਗੇ ਪੈਰ ਦੋ ਕਦਮ ਤੁਰਨਾ ਵੀ ਔਖਾ ਸੀ। ਤਾਂ ਹੀ ਮੈਂ ਮੁੱਖ ਸਕੱਤਰ ਨੂੰ ਕਿਹਾ ਕਿ ਸੱਜੇ ਹੱਥ ਬਰਾਮਦੇ ਵਿੱਚ ਹੋ ਜਾਈਏ। ਮੈਂ ਤਾਂ ਸੋਚਿਆ ਸੀ ਕਿ ਉੱਥੇ ਤੁਰਨਾ ਸੌਖਾ ਹੋ ਜਾਵੇਗਾ। ਪਰ ਬਰਾਮਦੇ ਵਿੱਚ ਕੀ ਵੜੇ, ਸ਼ਮਸ਼ਾਨਘਾਟ ਵਿੱਚ ਆ ਗਏ ਅਸੀਂ ਤਾਂ। ਕਦਮ ਕਦਮ ਉੱਤੇ ਲਾਸ਼ ਪਈ ਸੀ-ਇੱਕ ਬੁੱਢੇ ਬਾਬੇ ਦੀ ਲਾਸ਼-ਲੰਬਾ ਕੱਛਾ, ਸਿਰ ਤੇ ਪਟਕਾ, ਪਿੰਡੇ ਉੱਤੇ ਫਤੂਹੀ ਤੇ ਕੋਲ ਐਨਕ ਡਿੱਗੀ ਪਈ। ਦੋ ਚਾਰ ਅਧਖੜ ਬੰਦਿਆਂ ਦੀਆਂ ਲਾਸ਼ਾਂ, ਕੁੱਝ ਇੱਕ ਜਵਾਨ ਬੰਦਿਆਂ ਦੀਆਂ ਲਾਸ਼ਾਂ। ਪਰ ਸਾਰੇ ਦੇ ਸਾਰੇ ਨਿਹੱਥੇ। ਉਹ ਮੋਏ ਕੁੱਤੇ ਦੀ ਲਾਸ਼ ਵਰਗੇ….।
……..
……..
ਦਰਬਾਰ ਦੀ ਇਮਾਰਤ ਦੇ ਚੌੜੀਆਂ ਪੌੜੀਆਂ ਦੇ ਪਾਸੇ ਵੱਲ ਵੀ ਗੋਲੀਆਂ ਦੇ ਨਿਸ਼ਾਨ ਸਨ-ਸੰਗਮਰਮਰ ਵਿੱਚ ਵੀ ਤੇ ਸੋਨੇ ਦੇ ਪੱਤਰਿਆਂ ਵਿੱਚ ਵੀ। ਦੇਖ ਦਿਖਾ ਕੇ ਅਸੀਂ ਬਾਹਰ ਆ ਗਏ। ਦਰਸ਼ਨੀ ਡਿਓਢੀ ਵਿੱਚ ਆਏ ਤਾਂ ਖੱਬੇ ਹੱਥ ਦੀ ਦੀਵਾਰ ਨਾਲ 10-12 ਸਿੱਖ ਫੌਜ਼ੀ ਢੋਅ ਲਾਈ ਬੈਠੇ ਸਨ। ਉਹ ਤੋਸ਼ੇਖਾਨੇ ਦੀ ਸੁਰੱਖਿਆ ਅਤੇ ਉਦਾਸੀਨਤਾ ਸੀ ਅਤੇ ਉਹ ਬਹੁਤ ਹੀ ਓਪਰੀਆਂ ਓਪਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ-ਜਿਵੇਂ ਮਜ਼ਬੂਰੀ ਦੇ ਮਾਰੇ ਬੈਠੇ ਹੋਣ।
ਅਸੀਂ ਅਕਾਲ ਤਖਤ ਵੱਲ ਜਾਣਾ ਚਾਹਿਆ, ਪਰ ਲੈਂਫਟੀਨੈਂਟ ਕਰਨਲ ਨੇ ਅਤੇ ਬ੍ਰਿਗੇਡੀਅਰ ਰਾਓ ਨੇ ਜਾਣ ਨਹੀਂ ਦਿੱਤਾ ਇਹ ਕਹਿ ਕੇ ਸੁਰੱਖਿਆ ਜ਼ੋਖਮ ਸੀ, ਕਿ ਅਸਲੇ ਫਟ ਰਹੇ ਸਨ ਅਤੇ, ਸਾਨੂੰ ਸ਼ੱਕ ਹੈ ਕਿ ਕੁੱਝ ਬੰਦੇ ਹਾਲੇ ਵੀ ਲੁਕੇ ਹੋਏ ਸਨ। ਰਮੇਸ਼ਇੰਦ੍ਰ, ਡੀਸੀ ਦਾ ਚਚੇਰਾ ਭਰਾ ਇਕ ਮੇਜਰ ਹੈ ਅਤੇ ਉਹ ਝੰਡਿਆਂ ਦੇ ਨਾਲ ਵਾਲੀ ਡਿਓਢੀ ਵਿੱਚ ਡਿਊਟ ਉੱਤੇ ਸੀ। ਉਪਰਲੀ ਮੰਜਿਲ ਤੋਂ ਹੱਥ ਹਿਲਾਇਆ, ਫਿਰ ਕੋਲ ਆਇਆ। ਮੇਰੇ ਪੁੱਛਣ ‘ਤੇ ਸਿਰਫ ਐਨਾ ਹੀ ਕਿਹਾ, ਜਿਵੇਂ ਇੱਕ ਆਮ ਪੇਸ਼ੇਵਰ ਸਿਪਾਹੀ, ਕਹਿੰਦਾ ਹੈ, ਇੱਹ ਬਹੁਤ ਹੀ ਭਿਆਨਕ ਸੀ।
(ਉਸ ਵੇਲੇ ਦੇ ਸਾਬਕਾ ਕਮਿਸ਼ਨਰ ਨ੍ਰਿਪਇੰਦਰ ਰਤਨ ਦੀ ਕਿਤਾਬ-ਉਪਰੇਸ਼ਨ ਬਲਿਊ ਸਟਾਰ ਵਿੱਚੋਂ ਸਨਮਾਨ ਨਾਲ)
Comments are closed.