Punjab Religion

ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਲਾਉਣ ਦੀ ਚਰਚਾ ‘ਤੇ ਬੋਲੇ ਦਮਦਮੀ ਟਕਸਾਲ ਦੇ ਮੁਖੀ

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਬਣਾਉਣਾ ਸਿੱਖ ਪੰਥ ਲਈ ਖੁਸ਼ੀ ਦੀ ਗੱਲ ਹੋਵੇਗੀ। ਉਨ੍ਹਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਅਤੇ ਦਵਿੰਦਰ ਪਾਲ ਸਿੰਘ ਭੁੱਲਰ ਦੀਆਂ ਸਿੱਖ ਕੌਮ ਲਈ ਦਿੱਤੀਆਂ ਵੱਡੀਆਂ ਕੁਰਬਾਨੀਆਂ ਦੀ ਸ਼ਲਾਘਾ ਕੀਤੀ। ਹਰਨਾਮ ਸਿੰਘ ਧੁੰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਥੇਦਾਰ ਦੀ ਨਿਯੁਕਤੀ ਸਿੱਖ ਪੰਥ ਦੀ ਸਾਂਝੀ ਰਾਏ ਅਤੇ ਸਹਿਮਤੀ ਨਾਲ ਹੋਣੀ ਚਾਹੀਦੀ ਹੈ, ਜੋ ਪੰਥਕ ਏਕਤਾ ਅਤੇ ਮਰਯਾਦਾ ਨੂੰ ਮਜ਼ਬੂਤ ਕਰੇਗੀ।

ਇਸ ਤੋਂ ਇਲਾਵਾ ਦਮਦਮੀ ਟਕਸਾਲ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਲੋਂ ਸਿੰਘ ਸਾਹਿਬਾਨ ਮਾਮਲੇ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ, ਭਲਕੇ ਸੁਖਬੀਰ ਸਿੰਘ ਬਾਦਲ ਦੇ ਘਰ ਅੱਗੇ ਹੋਣ ਵਾਲਾ ਰੋਸ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਪੰਥਕ ਏਕਤਾ ਦੇ ਪੱਖਦਾਰ ਰਹੇ ਹਨ ਅਤੇ ਸਮੁੱਚਾ ਸਿੱਖ ਪੰਥ ਇਕਜੁੱਟ ਹੋਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਸਿੱਖ ਪੰਥ ਦੀ ਇੱਕ ਵੱਡੀ ਧਾਰਮਿਕ ਸੰਸਥਾ ਹੈ। ਇਸ ਕਰਕੇ ਸਾਡੇ ਵਿਚਕਾਰ ਜੋ ਵੀ ਦੂਰੀਆਂ ਅਤੇ ਵਖਰੇਵੇਂ ਹਨ, ਉਹਨਾਂ ਨੂੰ ਖਤਮ ਕਰਨਾ ਲਾਜ਼ਮੀ ਹੈ।  ਹਰਨਾਮ ਸਿੰਘ ਨੇ ਸਾਰੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਸਿੱਖ ਪੰਥ ਦੀ ਭਲਾਈ ਲਈ ਮਿਲ ਕੇ ਫੈਸਲੇ ਲੈਣ।