The Khalas Tv Blog Punjab ਸਿੱਖ 5-5 ਬੱਚੇ ਪੈਦਾ ਕਰਨ!’ ‘ਨਹੀਂ ਪਲਦੇ ਤਾਂ ਮੈਨੂੰ ਦੇ ਦੇਣਾ!’ ‘ਔਰਤਾਂ ਨੂੰ ਮਸ਼ੀਨ ਨਾ ਸਮਝੋ’
Punjab Religion

ਸਿੱਖ 5-5 ਬੱਚੇ ਪੈਦਾ ਕਰਨ!’ ‘ਨਹੀਂ ਪਲਦੇ ਤਾਂ ਮੈਨੂੰ ਦੇ ਦੇਣਾ!’ ‘ਔਰਤਾਂ ਨੂੰ ਮਸ਼ੀਨ ਨਾ ਸਮਝੋ’

Damdami Taksaal Chief Harnam Singh Khalsa

ਸੋਸ਼ਲ ਮੀਡੀਆ ’ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦੇ ਬਿਆਨ ਦੀ ਬਹੁਤ ਚਰਚਾ ਹੋ ਰਹੀ ਹੈ। ਹਰਨਾਮ ਸਿੰਘ ਖ਼ਾਲਸਾ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ 5-5 ਬੱਚੇ ਪੈਦਾ ਕਰਨ। ਇਸ ਦਾ ਕਾਰਨ ਉਨ੍ਹਾਂ ਇਹ ਦੱਸਿਆ ਹੈ ਕਿ ਪੰਜਾਬ ਵਿੱਚ ਸਿੱਖਾਂ ਦਾ ਵਸੋਂ ਘੱਟ ਹੈ, ਬਾਕੀ ਬਾਹਰੋਂ ਆ ਕੇ ਪੰਜਾਬ ਵਿੱਚ ਵੱਸੇ ਹਨ। ਉਨ੍ਹਾਂ ਦੇ ਇਸ ਬਿਆਨ ’ਤੇ ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਦਾ ਪ੍ਰਤੀਕਰਮ ਵੀ ਆਇਆ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਮਸ਼ੀਨ ਨਾ ਸਮਝਿਆ ਜਾਵੇ। ਉਹ ਦਮਦਮੀ ਟਕਸਾਲ ਦੇ ਮੁਖੀ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਇਸ ਤਰ੍ਹਾਂ ਦੇ ਬਿਆਨ ਸਮਾਜ ਲਈ ਸ਼ੋਭਾ ਨਹੀਂ ਦਿੰਦੇ।

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 52 ਫ਼ੀਸਦੀ ਹੈ ਤੇ ਬਾਕੀ ਬਾਹਰਲੇ ਹਨ। ਆਉਣ ਵਾਲੇ ਸਾਲਾਂ ਵਿੱਚ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਹੋਣਗੇ ਅਤੇ ਬਾਹਰਲੇ ਲੋਕਾਂ ਦੇ ਹੱਥੋਂ ਕੁੱਟ ਖਾਇਆ ਕਰਨਗੇ।

ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਕ ਪਰਿਵਾਰ ਵਿੱਚ 5 ਬੱਚੇ ਪੈਦਾ ਕਰੋ, ਜੋ ਬੱਚੇ ਨਹੀਂ ਪਾਲ ਸਕਦਾ ,ਉਹ ਲੋਕ ਉਨ੍ਹਾਂ ਨੂੰ ਦੇ ਦੇਣ, ਉਹ ਸਾਂਭ ਲੈਣਗੇ। ਉਨ੍ਹਾਂ ਨੇ ਕਿਹਾ ਕਿ ਉਹ ਬੱਚਿਆਂ ਨੂੰ ਪੜ੍ਹਾਉਣਗੇ ਵੀ ਤੇ ਗੁਰੂ ਘਰ ਨਾਲ ਵੀ ਜੋੜਨਗੇ। ਉਨ੍ਹਾਂ ਦਾ ਦੇਸ਼ਾਂ-ਵਿਦੇਸ਼ਾਂ ਵਿੱਚ ਮਾਣ-ਸਨਮਾਨ ਹੋਵੇਗਾ। ਉਨ੍ਹਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜਾਂਗੇ।

ਉਨ੍ਹਾਂ ਮਿਸਾਲ ਦਿੱਤੀ ਕਿ ਸਾਡੇ ਬਜ਼ੁਰਗਾਂ ਦੇ 7-7 ਨਿਆਣੇ ਹੁੰਦੇ ਸਨ ਅਤੇ ਬਾਹਰਲੇ ਦੇਸ਼ ਵੀ ਨਹੀਂ ਜਾਂਦੇ ਸਨ। ਤੁਹਾਡੇ ਨਾਲ ਵਧੀਆ ਰੋਟੀ ਖਾਂਦੇ ਸਨ ਤੇ ਸੁਖੀ ਜੀਵਨ ਜਿਉਂਦੇ ਸਨ। ਸਾਡੀ ਧਾਰਨਾ ਬਣ ਚੁੱਕੀ ਹੈ ਕਿ ਬੱਚਾ ਸਾਡਾ ਨਸ਼ਾ ਕਰਕੇ ਮਰ ਜਾਵੇ ਪਰ ਗੁਰੂ ਘਰ ਨਹੀਂ ਭੇਜਣਾ। ਸਿੱਖ ਭਾਈਚਾਰੇ ਨੂੰ ਇਹ ਗ਼ਲਤ ਵਿਚਾਰ ਆਪਣੇ ਮਨ ਵਿੱਚੋਂ ਕੱਢ ਦੇਣੇ ਚਾਹੀਦੇ ਹਨ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਸਿੱਖ 1-1 ਬੱਚਾ ਪੈਦਾ ਕਰਨ ਤਕ ਸੀਮਿਤ ਨਾ ਰਹਿਣ।

ਉਨ੍ਹਾਂ ਦੇ ਇਸ ਬਿਆਨ ’ਤੇ ਪੰਜਾਬ ਦੇ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪ੍ਰਤੀਕਰਮ ਦਿੱਤਾ ਹੈ ਕਿ ਔਰਤ ਨੂੰ ਮਸ਼ੀਨ ਨਾ ਸਮਝਿਆ ਜਾਵੇ। ਇੱਕ ਔਰਤ ਦਾ ਸਰੀਰ ਪਹਿਲਾ ਜਾਂ ਦੂਜਾ ਬੱਚਾ ਪੈਦਾ ਕਰਨ ਬਾਅਦ ਹੀ ਕਮਜ਼ੋਰ ਹੋ ਜਾਂਦਾ ਹੈ। ਔਰਤ ਦਾ ਇੱਕ ਰੁਤਬਾ ਹੁੰਦਾ ਹੈ, ਇਹ ਉਸ ਦੀ ਮਰਜ਼ੀ ਹੈ ਕਿ ਉਹ ਕਿੰਨੇ ਬੱਚੇ ਪੈਦਾ ਕਰਨਾ ਚਾਹੁੰਦੀ ਹੈ। ਇਹ ਉਸ ਦੀ ਸਿਹਤ ’ਤੇ ਵੀ ਨਿਰਭਰ ਕਰਦਾ ਹੈ।

ਪੰਜਾਬ ਵਿੱਚ ਬਾਹਰਲੇ ਲੋਕਾਂ ਵਾਲੇ ਪੱਖ ਬਾਰੇ ਉਨ੍ਹਾਂ ਕਿਹਾ ਕਿ ਇਹ ਵਧੀਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪਰਵਰਿਸ਼ ਤੇ ਸਹੂਲਤਾਂ ਦੇ ਕੇ ਬਾਹਰਲੇ ਮੁਲਕ ਜਾਣੋਂ ਰੋਕੀਏ ਜਾਂ 5-5 ਬੱਚੇ ਪੈਦਾ ਕਰੀਏ? ਇੱਥੇ ਉਨ੍ਹਾਂ ਕਿਹਾ ਕਿ ਇੱਕ ਔਰਤ ਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਨਾ ਸਮਝੋ, ਬਲਕਿ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ ਕਿ ਉਹ ਪੰਜਾਬ ਛੱਡ ਕੇ ਬਾਹਰ ਨਾ ਜਾਣ।

Exit mobile version