ਅਬੋਹਰ ਦੇ ਇਕ ਕਿਸਾਨ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਛਲੇ ਦਿਨੀਂ ਭਾਰੀ ਮੀਂਹ ਤੇ ਗੜ੍ਹੇਮਾਰੀ ਦੇ ਚੱਲਦਿਆਂ ਖ਼ਰਾਬ ਹੋਈ ਫ਼ਸਲ ਕਾਰਨ ਉਹ ਮਾਨਸਿਕ ਤਣਾਅ ਵਿਚ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਬੂਟਾ ਸਿੰਘ ਉਮਰ ਲਗਭਗ 55 ਸਾਲ ਵਜੋਂ ਹੋਈ ਹੈ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਦੇ ਭਰਾ ਕੁਲਬੀਰ ਸਿੰਘ ਨੇ ਦੱਸਿਆ ਕਿ ਉਸ ਕੋਲ 14 ਏਕੜ ਜ਼ਮੀਨ ਸੀ। ਪਿਛਲੇ ਦਿਨੀਂ ਤੇਜ਼ ਮੀਂਹ ਦੇ ਚੱਲਦਿਆਂ ਉਸ ਦੀ ਸਾਰੀ ਫ਼ਸਲ ਖ਼ਰਾਬ ਹੋ ਗਈ।
ਪ੍ਰਸ਼ਾਸਨ ਵੱਲੋਂ ਪਿੰਡ ਵਿਚ ਖਰਾਬ ਫਸਲਾਂ ਦੀ ਗਿਰਦਾਵਰੀ ਵੀ ਕਰਵਾਈ ਗਈ ਪਰ ਅੱਜ ਤੱਕ ਇਕ ਰੁਪਿਆ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਕਾਰਨ ਉਸਦਾ ਭਰਾ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਉੁਸ ਨੇ ਪ੍ਰੇਸ਼ਾਨੀ ਦੇ ਚੱਲਦਿਆਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਹਾਲਤ ਵਿਗੜਨ ‘ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਇੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿਚ ਹੀ ਦਮ ਤੋੜ ਦਿੱਤਾ। ਸਵੇਰੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।