ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਉਸ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਡੱਲੇਵਾਲ ਨੇ ਐਤਵਾਰ ਨੂੰ ਬਠਿੰਡਾ ਵਿੱਚ ਸੀਵਰੇਜ ਦੇ ਨਿਕਾਸ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ, ਪਰ ਪੁਲਿਸ ਨੇ ਉਸ ਦੇ ਘਰ ਦੇ ਬਾਹਰ ਗਾਰਡ ਤਾਇਨਾਤ ਕਰਕੇ ਉਸ ਨੂੰ ਬਾਹਰ ਨਿਕਲਣ ਤੋਂ ਰੋਕ ਦਿੱਤਾ।
ਇਸ ਮਾਮਲੇ ’ਤੇ ਡੱਲੇਵਾਲ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਸਖ਼ਤ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਰੋਜ਼ ਕਿਸਾਨਾਂ ਅਤੇ ਹੱਕਾਂ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਬੇਤੁਕੀ ਬਿਆਨਬਾਜ਼ੀ ਨਾਲ ਨਿਸ਼ਾਨਾ ਬਣਾਉਂਦੇ ਹਨ। ਮਾਨ ਨੇ ਪਿਛਲੇ ਦਿਨੀਂ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਬੇਤੁੱਕੇ ਮੁੱਦਿਆਂ ’ਤੇ ਸੜਕਾਂ ਰੋਕਣ ਦੀਆਂ ਕੋਸ਼ਿਸ਼ਾਂ ਕਰਾਰ ਦਿੱਤਾ ਸੀ। ਡੱਲੇਵਾਲ ਨੇ ਸਵਾਲ ਚੁੱਕਿਆ ਕਿ ਜਦੋਂ ਮਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਧਰਨਿਆਂ ’ਤੇ ਬੈਠਦੇ ਸਨ, ਤਾਂ ਉਹ ਕੀ ਬੇਤੁੱਕੇ ਮੁੱਦੇ ਸਨ? ਉਨ੍ਹਾਂ ਨੇ ਕਿਹਾ ਕਿ ਕਿਸਾਨ ਪੰਜਾਬ ਦੇ ਅਸਲ ਮੁੱਦਿਆਂ ਜਿਵੇਂ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ, ਕਰਜ਼ਾ ਮੁਕਤੀ, ਅਤੇ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਉਤਪਾਦਨ ਖਰਚ ’ਤੇ ਚਰਚਾ ਲਈ ਸੰਘਰਸ਼ ਕਰ ਰਹੇ ਹਨ।
ਡੱਲੇਵਾਲ ਨੇ ਸਰਕਾਰ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਮਾਨ ਦੀ ਸਰਕਾਰ ਕਿਸਾਨਾਂ ਨੂੰ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੀ ਹੈ, ਪਰ ਜਦੋਂ ਮੀਟਿੰਗ ਦਾ ਸਮਾਂ ਆਉਂਦਾ ਹੈ, ਤਾਂ ਉਹ ਭੱਜ ਜਾਂਦੇ ਹਨ। ਉਨ੍ਹਾਂ ਨੇ 2022 ਵਿੱਚ ਸਰਕਾਰ ਦੇ ਵਾਅਦੇ ਦੀ ਯਾਦ ਦਿਵਾਈ, ਜਦੋਂ ਮਾਨ ਨੇ ਕਿਸਾਨਾਂ ਦੀ ਉਤਪਾਦਨ ਲਾਗਤ ’ਤੇ ਚਰਚਾ ਦਾ ਵਾਅਦਾ ਕੀਤਾ ਸੀ। 17 ਨਵੰਬਰ 2022 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ, ਪਰ ਉਸ ਤੋਂ ਬਾਅਦ ਸਰਕਾਰ ਨੇ ਕੋਈ ਚਰਚਾ ਨਹੀਂ ਕੀਤੀ। ਡੱਲੇਵਾਲ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਕਿਸਾਨਾਂ ਦੇ ਮੁੱਦਿਆਂ ਨੂੰ ਬੇਤੁੱਕਾ ਸਮਝਦੀ ਹੈ, ਤਾਂ ਖੁੱਲ੍ਹੀ ਬਹਿਸ ਲਈ ਸਮਾਂ ਅਤੇ ਸਥਾਨ ਤੈਅ ਕਰੇ, ਕਿਸਾਨ ਤਿਆਰ ਹਨ।
ਉਨ੍ਹਾਂ ਨੇ ਸਰਕਾਰ ’ਤੇ ਸਵਾਲ ਚੁੱਕਿਆ ਕਿ ਜੋ ਜ਼ਮੀਨਾਂ ਪੰਚਾਇਤੀ ਜਾਂ ਕਿਸਾਨਾਂ ਦੀਆਂ ਕੱਟ ਕੇ ਖਾਲੀ ਕਰਵਾਈਆਂ ਗਈਆਂ, ਉਹ ਕਿਸਦੀਆਂ ਸਨ? ਸਰਕਾਰ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਮੁੱਦਿਆਂ ’ਤੇ ਕੋਈ ਮੀਟਿੰਗ ਨਹੀਂ ਕੀਤੀ। ਡੱਲੇਵਾਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਕਿਸਾਨਾਂ ਦੇ ਮੁੱਦਿਆਂ ’ਤੇ ਗੰਭੀਰਤਾ ਨਾਲ ਚਰਚਾ ਨਹੀਂ ਕਰਦੀ, ਤਾਂ ਕਿਸਾਨ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਨੇ ਪਾਣੀ ਦੀ ਹਿੱਸੇਦਾਰੀ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਕਮਜ਼ੋਰ ਹਿੱਸੇਦਾਰੀ ਵਰਗੇ ਮੁੱਦਿਆਂ ’ਤੇ ਵੀ ਸਰਕਾਰ ਦੀ ਲਾਪਰਵਾਹੀ ਦੀ ਨਿਖੇਧੀ ਕੀਤੀ। 25 ਮਾਰਚ 2022 ਨੂੰ ਕਿਸਾਨਾਂ ਨੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਸੀ, ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। 17 ਮਈ ਨੂੰ ਵੀ ਮੀਟਿੰਗ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਨੇ ਮੁੱਦਿਆਂ ’ਤੇ ਚਰਚਾ ਤੋਂ ਇਨਕਾਰ ਕੀਤਾ।
ਡੱਲੇਵਾਲ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਦੇ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਕਰੇ ਅਤੇ ਖੁੱਲ੍ਹੀ ਬਹਿਸ ਲਈ ਅੱਗੇ ਆਵੇ, ਤਾਂ ਜੋ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਿਕਲ ਸਕੇ।