ਬਿਊਰੋ ਰਿਪੋਰਟ : ਡਿਬਰੂਗੜ੍ਹ ਜੇਲ੍ਹ ਵਿੱਚ NSA ਅਧੀਨ ਬੰਦ 9 ਸਿੱਖ ਕੈਦੀਆਂ ਵਿੱਚੋਂ ਦਲਜੀਤ ਕਲਸੀ ਦਾ ਪਰਿਵਾਰ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਦੇ ਲਈ ਪਹੁੰਚਿਆ । ਮਿਲਣ ਵਾਲਿਆਂ ਵਿੱਚ ਦਲਜੀਤ ਕਲਸੀ ਦੀ ਪਤਨੀ ਅਤੇ ਉਨ੍ਹਾਂ ਦਾ ਪੁੱਤਰ ਸੀ। ਪਤਨੀ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ 1 ਘੰਟੇ ਤੱਕ ਉਨ੍ਹਾਂ ਦੀ ਦਲਜੀਤ ਕਲਸੀ ਦੇ ਨਾਲ ਮੁਲਾਕਾਤ ਹੋਈ ਹੈ, ਉਹ ਠੀਕ ਹਨ। ਪਤਨੀ ਨੇ ਕਿਹਾ ਕਿ ਮੇਰੇ ਪਤੀ ਖਿਲਾਫ਼ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ,ਉਹ ਨਿਰਦੋਸ਼ ਨੇ,ਕਿਸੇ ਵੀ ਗਲਤ ਅਨਸਰ ਨਾਲ ਉਨ੍ਹਾਂ ਦਾ ਕੋਈ ਲਿੰਕ ਨਹੀਂ ਹੈ,ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ । ਪਤਨੀ ਨੇ ਇਹ ਵੀ ਦੱਸਿਆ ਕਿ ਜੇਲ੍ਹ ਦੇ ਅੰਦਰ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ, ਸਭ ਨੂੰ ਵਧੀਆਂ ਟ੍ਰੀਟਮੈਂਟ ਮਿਲ ਰਿਹਾ ਹੈ,ਜੋ ਖਾਣ ਲਈ ਮੰਗਿਆ ਜਾਂਦਾ ਹੈ ਉਹ ਦਿੱਤਾ ਜਾਂਦਾ ਹੈ । 20 ਅਪ੍ਰੈਲ ਨੂੰ NSA ਅਧੀਨ ਬੰਦ 9 ਸਿੱਖ ਕੈਦੀਆਂ ਦੇ ਪਰਿਵਾਰਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਸੀ ਪਰ ਸਿਰਫ ਦਲਜੀਤ ਕਲਸੀ ਦਾ ਹੀ ਪਰਿਵਾਰ ਡਿਬਰੂਗੜ੍ਹ ਜੇਲ੍ਹ ਪਹੁੰਚਿਆ।
ਇਸ ਵਜ੍ਹਾ ਨਾਲ ਹੋਰ ਪਰਿਵਾਰ ਨਹੀਂ ਪਹੁੰਚੇ
SGPC ਦੇ ਵਕੀਲਾਂ ਦੇ ਪੈਨਲ ਨੇ ਅੰਮ੍ਰਿਤਸਰ ਦੇ ਡੀਸੀ ਤੋਂ NSA ਅਧੀਨ ਬੰਦ ਸਿੱਖ ਕੈਦੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਦੇ ਲਈ 20 ਅਪ੍ਰੈਲੀ ਦੀ ਮਨਜ਼ੂਰੀ ਲਈ ਸੀ । ਜਿਸ ਤੋਂ 9 ਪਰਿਵਾਰਾਂ ਨੂੰ SGPC ਨੇ ਦਰਬਾਰ ਸਾਹਿਬ ਪਹੁੰਚਣ ਦੀ 18 ਅਪ੍ਰੈਲ ਨੂੰ ਅਪੀਲ ਕੀਤੀ ਸੀ। ਪਰ ਪਰਿਵਾਰਾਂ ਨੇ 2 ਵਜ੍ਹਾ ਨਾਲ ਡਿਬਰੂਗੜ੍ਹ ਜੇਲ੍ਹ ਜਾਣ ਤੋਂ ਮਨਾ ਕਰ ਦਿੱਤਾ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਖੇਤਾਂ ਵਿੱਚ ਕਣਕ ਦੀ ਵਾਢੀ ਚੱਲ ਰਹੀ ਹੈ ਇਸ ਲਈ ਉਹ ਨਹੀਂ ਜਾ ਸਕਦੇ ਹਨ ਦੂਜਾ ਕਾਰਨ ਇਹ ਸੀ ਕਿ SGPC ਪਰਿਵਾਰਾਂ ਨੂੰ ਸੜਕੀ ਰਸਤੇ ਤੋਂ ਲੈ ਕੇ ਜਾ ਰਹੇ ਸਨ ਜਦਕਿ ਪਰਿਵਾਰਾਂ ਦੀ ਮੰਗ ਸੀ ਕਿ ਹਵਾਈ ਜਵਾਜ ਦੇ ਜ਼ਰੀਏ ਉਹ ਜਾਣਾ ਚਾਹੁੰਦੇ ਹਨ ਕਿਉਂਕਿ ਇਸ ਨਾਲ ਸਮਾਂ ਬਚੇਗਾ, ਜਦਕਿ SGPC ਨੇ ਸੜਕੀ ਮਾਰਗ ਦਾ ਇੰਤਜ਼ਾਮ ਕੀਤਾ ਸੀ। ਵਕੀਲਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੁੜ ਤੋਂ ਅੰਮ੍ਰਿਤਸਰ ਦੇ ਡੀਸੀ ਤੋਂ ਇਜਾਜ਼ਤ ਲੈਣਗੇ ਅਤੇ ਪਰਿਵਾਰਾਂ ਨਾਲ ਸਿੱਖ ਕੈਦੀਆਂ ਦੀ ਮੁਲਾਕਾਤ ਕਰਵਾਉਣਗੇ । ਹੁਣ ਤੱਕ 9 ਸਿੱਖਾਂ ਨੂੰ NSA ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਲਿਜਾਇਆ ਗਿਆ ਹੈ,ਇੰਨਾਂ ਵਿੱਚ ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ ਜੱਲੂਪੁਰ ਖੈੜਾ, ਭਗਵੰਤ ਸਿੰਘ ਬਾਜੇਕੇ, ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਇੰਦਰਪਾਲ ਸਿੰਘ ਔਜਲਾ ਅਤੇ ਪਪਲਪ੍ਰੀਤ ਸਿੰਘ ਦਾ ਨਾਂ ਸ਼ਾਮਲ ਹੈ ।
NSA ਐਡਵਾਇਜ਼ਰੀ ਬੋਰਡ ਪਹੁੰਚਿਆ ਡਿਬਰੂਗੜ੍ਹ ਜੇਲ੍ਹ
ਇਸ ਤੋਂ ਪਹਿਲਾਂ ਬੀਤੇ ਦਿਨ ਡਿਬਰੂਗੜ੍ਹ ਜੇਲ੍ਹ ਵਿੱਚ NSA ਅਧੀਨ ਬੰਦ ਕੈਦੀਆਂ ਦਾ ਐਡਵਾਇਜ਼ਰੀ ਬੋਰਡ ਵੀ ਅਸਾਮ ਪਹੁੰਚਿਆ ਸੀ, ਜਿਨ੍ਹਾਂ ਨੇ 3 ਘੰਟੇ ਤੱਕ ਜੇਲ੍ਹ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਸੀ,ਉਨ੍ਹਾਂ ਦੀ ਮੁਲਾਕਾਤ ਕੈਦੀਆਂ ਨਾਲ ਹੋਈ ਸੀ ਜਾਂ ਨਹੀਂ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ । ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਦੱਸਿਆ ਸੀ ਕਿ ਉਨ੍ਹਾਂ ਵੱਲੋਂ ਐਡਵਾਇਜ਼ਰੀ ਬੋਰਡ ਬਣਾ ਦਿੱਤਾ ਗਿਆ ਹੈ । 5 ਮੈਂਬਰੀ ਸਲਾਹਕਾਰ ਬੋਰਡ ਦਾ ਮੁਖੀ ਰਿਟਾਇਰਡ ਜੱਜ ਸ਼ਬੀਹੁਲ ਹਰਸੈਨ ਹਨ । ਇਸ ਤੋਂ ਇਲਾਵਾ ਬੋਰਡ ਦੇ ਹੋਰ ਮੈਂਬਰ ਸੁਧੀਰ ਸ਼ਿਕੋਂਦ,ਦੀਪਾਸ਼ੂ ਜੈਨ,IPS ਰਾਕੇਸ਼ ਅਗਰਵਾਲ, ਅਤੇ ਰੁਪਿੰਦਰ ਕੌਰ ਭੱਟੀ SP CIA ਵੀ ਬੋਰਡ ਦੇ ਮੈਂਬਰ ਹਨ ।
ਹਰ ਤਿੰਨ ਮਹੀਨੇ ਬਾਅਦ ਪੰਜਾਬ ਪੁਲਿਸ ਨੂੰ ਡਿਟੈਨਸ਼ਨ ਵਧਾਉਣ ਦੇ ਲਈ ਨਵੇਂ ਸਬੂਤਾਂ ਦੇ ਨਾਲ ਐਡਵਾਇਜ਼ਰੀ ਬੋਰਡ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ,ਜੇਕਰ ਬੋਰਡ ਨੂੰ ਲੱਗੇਗਾ ਕਿ ਡਿਟੈਨਸ਼ਨ ਵਧਾਉਣਾ ਹੈ ਤਾਂ ਉਹ 3 ਮਹੀਨੇ ਦਾ ਐਕਸਟੈਨਸ਼ਨ ਦੇਣਗੇ । ਇਸੇ ਤਰ੍ਹਾਂ ਪੁਲਿਸ 1 ਸਾਲ ਤੱਕ NSA ਕਾਨੂੰਨ ਅਧੀਨ ਡਿਟੈਨਸ਼ਨ ਵਧਾ ਸਕਦੇ ਹਨ ਪਰ ਇੱਕ ਸਾਲ ਬਾਅਦ ਕੈਦੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ ।