ਬਿਉਰੋ ਰਿਪੋਰਟ: ਬੀਬੀ ਜਗੀਰ ਕੌਰ ਨੂੰ ਉਨ੍ਹਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਦੋਂ ਤੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ, ਕਈ ਧਾਰਮਿਕ-ਸਿਆਸੀ ਸ਼ਖ਼ਸੀਅਤਾਂ ਉਨ੍ਹਾਂ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਨਿਤਰੇ ਸਨ ਤੇ ਉਨ੍ਹਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਵੀ ਉਨ੍ਹਾਂ ਦੀ ਹਮਾਇਤ ਕੀਤੀ ਸੀ। ਹੁਣ ਦਲ ਖ਼ਾਲਸਾ ਨੇ ਵੀ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਖੜਦਿਆਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਹੈ ਤੇ ਉਨ੍ਹਾਂ ਨੂੰ ਭੇਜਿਆ ਨੋਟਿਸ ਵਾਪਿਸ ਲੈਣ ਲਈ ਕਿਹਾ ਹੈ।
ਦਲ ਖ਼ਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਇਸ ਦਾ ਮੁੱਖ ਕਾਰਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ ਦਾ ਸਿਆਸਤਦਾਨਾਂ ਵੱਲੋਂ ਗਲਤ ਇਸਤੇਮਾਲ ਕਰਨ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਹੈ ਕਿ ਬੀਬੀ ਜਗੀਰ ਕੌਰ ਖ਼ਿਲਾਫ਼ ਜਾਰੀ ਕੀਤਾ ਗਿਆ ਨੋਟਿਸ ਤਖ਼ਤ ਦੀ ਮਰਿਆਦਾ ਅਤੇ ਰਵਾਇਤਾਂ ਦੇ ਉਲਟ ਹੈ, ਇਸਨੂੰ ਤੁਰੰਤ ਵਾਪਸ ਲਿਆ ਜਾਵੇ। ਸ਼ਿਕਾਇਤਕਰਤਾ ਵੱਲੋਂ ਬੀਬੀ ਜੀ ਵਿਰੁੱਧ ਲਾਏ ਗਏ ਇਲਜ਼ਾਮ, ਜਥੇਦਾਰ, ਸਾਹਿਬਾਨ ਦੇ ਅਧਿਕਾਰ-ਖੇਤਰ ਅਤੇ ਕਾਰਜ-ਖੇਤਰ ਵਿੱਚ ਨਹੀਂ ਆਉਂਦੇ।
ਪਰਮਜੀਤ ਸਿੰਘ ਮੰਡ ਨੇ ਇਸਨੂੰ ਸਪਸ਼ਟ ਕਰਦਿਆਂ ਲਿਖਿਆ ਹੈ ਕਿ ਅੰਮ੍ਰਿਤਧਾਰੀ ਮਰਦ ਜਾਂ ਔਰਤ ਵੱਲੋਂ ਰੋਮਾਂ/ਕੇਸਾਂ ਦੀ ਬੇਅਦਬੀ ਦਾ ਦੋਸ਼ ਸਿਧਾਂਤਕ ਰੂਪ ਵਿੱਚ ਅੰਮ੍ਰਿਤ (ਪਾਹੁਲ) ਦੀ ਮਰਿਆਦਾ ਨਾਲ ਜੁੜਦਾ ਹੈ, ਜੋ ਪੰਜ ਪਿਆਰਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਦੂਜਾ, ਬੀਬੀ ਜਗੀਰ ਕੌਰ ’ਤੇ ਆਪਣੀ ਧੀ ਦੀ ਦੁਖਦਾਈ ਮੌਤ ਦਾ ਇਲਜ਼ਮ ਸਿੱਖ ਰਹਿਤ ਮਰਿਆਦਾ ਦੀ ਕੁੜੀਮਾਰ (ਮਾਦਾ ਭਰੂਣ/ਨਵ ਜੰਮੀ ਬੱਚੀ ਦੀ ਹੱਤਿਆ) ਦੀ ਪਰਿਭਾਸ਼ਾ ਦੇ ਘੇਰੇ ਵਿੱਚ ਨਹੀਂ ਆਉਂਦਾ। ਕੁੜੀਮਾਰ ਵਿਸ਼ੇਸ਼ ਤੌਰ ’ਤੇ ਗਰਭ ਵਿੱਚ ਮਾਦਾ ਭਰੂਣ ਨੂੰ ਕੁੜੀ ਹੋਣ ਕਾਰਨ ਖ਼ਤਮ ਕਰਨ ਦੀ ਕਾਰਵਾਈ ਨਾਲ ਜੁੜਦਾ ਹੈ, ਜਦ ਕਿ ਜਗੀਰ ਕੌਰ ਦੀ ਧੀ ਦਾ ਮਾਮਲਾ ਬਿਲਕੁਲ ਵੱਖਰਾ ਹੈ।
ਇਸ ਤੋਂ ਇਲਾਵਾ, ਆਪਣੀ ਧੀ ਦੀ ਮੌਤ ਦੀ ਮੰਦਭਾਗੀ ਘਟਨਾ ਤੋਂ ਬਾਅਦ, ਬੀਬੀ ਜਗੀਰ ਕੌਰ ਨੂੰ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਸੇਵਾ ਨਿਭਾਉਣ ਲਈ ਚੁਣਿਆ ਜਾ ਚੁੱਕਿਆ ਹੈ। ਉਸ ਸਮੇਂ ਅਤੇ ਅੱਜ ਦੇ ਹਾਲਾਤਾਂ ਵਿੱਚ ਕੇਵਲ ਐਨਾ ਫ਼ਰਕ ਹੈ ਕਿ ਉਸ ਵੇਲੇ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ ਦੇ ਚਹੇਤੇ ਸਨ ਅਤੇ ਅੱਜ ਉਸੇ ਲੀਡਰਸ਼ਿਪ ਲਈ ਚੁਣੌਤੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੀ ਜਾਚੇ ਬੀਬੀ ਜਗੀਰ ਕੌਰ ਵਿਰੁੱਧ ਕੀਤੀ ਸ਼ਿਕਾਇਤ ਦੀ ਜੜ੍ਹ ਅਕਾਲੀ ਦਲਾਂ ਵਿਚਾਲੇ ਚੱਲ ਰਹੀ ਰੱਸਾਕਸ਼ੀ ਦੀ ਸੌੜੀ ਸਿਆਸਤ ਵਿੱਚ ਪਈ ਹੈ।
ਚਿੱਠੀ ਵਿੱਚ ਅੱਗੇ ਲਿਖਿਆ ਹੈ ਕਿ ਪੰਥਕ ਹਲਕਿਆਂ ਵਿੱਚ ਸਭ ਦੀਆਂ ਨਜ਼ਰਾਂ ਜਥੇਦਾਰ ਦੇ ਫੈਸਲੇ ’ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸੱਤਾ ਦਾ ਕਲੇਸ਼ ਪੰਜ ਸਿੰਘ ਸਾਹਿਬਾਨਾਂ ਕੋਲ ਨਿਪਟਾਰੇ ਲਈ ਪਹੁੰਚਿਆ ਹੋਇਆ ਹੈ। ਇਸ ਲਈ ਸਾਡੀ ਅਪੀਲ ਹੈ ਕਿ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਸਿਧਾਂਤ ਅਤੇ ਮਰਿਆਦਾ ਨੂੰ ਪਾਟੋਧਾੜ ਦੇ ਸ਼ਿਕਾਰ ਅਕਾਲੀ ਧੜਿਆਂ ਦੀ ਸੌਤੀ ਸਿਆਸੀ ਖੇਡ ਤੋਂ ਉੱਪਰ ਅਤੇ ਪਾਕ ਰੱਖਣਾ।
ਸਬੰਧਿਤ ਖ਼ਬਰਾਂ –
ਗੁਰਪ੍ਰਤਾਪ ਸਿੰਘ ਵਡਾਲਾ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਹੱਕ ਨਿਤਰੀ SGPC ਮੈਂਬਰ
ਬੀਬੀ ਜਗੀਰ ਕੌਰ ਖਿਲਾਫ ਰਚੀ ਗਈ ਸਾਜ਼ਿਸ਼! ਨਹੀਂ ਕਿਹਾ ਜਾ ਸਕਦਾ ਕਾਤਲ!