‘ਦ ਖ਼ਾਲਸ ਬਿਊਰੋ :- ਪੰਜਾਬ ਵਿਧਾਨ ਸਭਾ ਦੇ ਐਨ ਮੌਕੇ ਦਲ ਖ਼ਾਲਸਾ ਜਥੇਬੰਦੀ ਨੇ ਵੋਟਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਦਲ ਖ਼ਾਲਸਾ ਮੁਤਾਬਕ ਸਿੱਖ ਮਸਲਿਆਂ ਦਾ ਹੱਲ ਚੋਣਾਂ ਰਾਹੀਂ ਨਹੀਂ ਹੋ ਸਕਦਾ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦਾ ਸੁਪਨਾ ਪੰਜਾਬ ਨੂੰ ਪ੍ਰਭੂਸੱਤਾ ਸੰਪੰਨ ਸੂਬਾ ਬਣਾਉਣਾ ਹੈ, ਜਿਹੜਾ ਸੰਘਰਸ਼ ਰਾਹੀਂ ਬਣ ਸਕਦਾ ਹੈ, ਵੋਟਾਂ ਰਾਹੀਂ ਨਹੀਂ। ਉਨ੍ਹਾਂ ਕਿਹਾ ਕਿ ਵੰਡ ਤੋਂ ਬਾਅਦ ਵੀ ਸਿੱਖਾਂ ਸਮੇਤ ਘੱਟ ਗਿਣਤੀ ਦੀਆਂ ਸਮੱਸਿਆਵਾਂ ਉਸੇ ਤਰ੍ਹਾਂ ਹੀ ਖੜੀਆਂ ਰਹਿਣਗੀਆਂ ਕਿਉਂਕਿ ਮੁੱਖ ਧਾਰਾ ਦੀਆਂ ਸਾਰੀਆਂ ਪਾਰਟੀਆਂ ਪੰਜਾਬ ਦਾ ਮਸਲਾ ਹੱਲ ਨਹੀਂ ਕਰਨਾ ਚਾਹੁੰਦੀਆਂ।
ਚੀਮਾ ਨੇ ਕਿਹਾ ਕਿ ਸਾਡੇ ਲਈ ਕੌਮ ਦੀਆਂ ਭਾਵਨਾਵਾਂ ਤੇ ਇੱਛਾਵਾਂ ਬਹੁਤ ਪਿਆਰੀਆਂ ਹਨ ਜਿਸਨੂੰ ਵੋਟਾਂ ਦੀ ਇਸ ਖੇਡ ਦੇ ਬਦਲੇ ਨਹੀਂ ਤਿਆਗਿਆ ਜਾ ਸਕਦਾ। ਇਹ ਚੋਣਾਂ ਖੂਬਸੂਰਤ ਭੁਲੇਖਿਆਂ ਤੋਂ ਵੱਧ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਲੋਕਤੰਤਰ ਅਤੇ ਲੋਕਤੰਤਰਿਕ ਪ੍ਰਣਾਲੀ ਦੇ ਖਿਲਾਫ਼ ਨਹੀਂ ਹਨ। ਦਲ ਖ਼ਾਲਸਾ ਨੇ ਭਾਵੇਂ ਵੋਟਾਂ ਦਾ ਬਾਈਕਾਟ ਕੀਤਾ ਹੈ ਪਰ ਚੋਣ ਮੈਦਾਨ ਵਿੱਚ ਨਿੱਤਰੀ ਆਪਣੀ ਹਮ ਖਿਆਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ੁੱਭ-ਇੱਛਾਵਾਂ ਜ਼ਰੂਰ ਦਿੱਤੀਆਂ ਹਨ।