Punjab

ਦਲ ਖਾਲਸਾ ਵੱਲੋਂ ਸੈਣੀ ਭਗੌੜਾ ਕਰਾਰ, ਫੜਨ ਵਾਲੇ ਨੂੰ ਬਹਾਦਰੀ ਪੁਰਸਕਾਰ ਦਾ ਐਲਾਨ, ਦਿੱਲੀ ਤੇ ਪੰਜਾਬ ‘ਚ ਲੱਗੇ ਪੋਸਟਰ

‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :-  ਪੰਜਾਬ ਪੁਲੀਸ ਦੇ ਸਾਬਕਾ DGP ਸੁਮੇਧ ਸੈਣੀ ਨੂੰ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਮਾਮਲੇ ‘ਚ ਗ੍ਰਿਫ਼ਤਾਰੀ ਕਰਨ ਤੇ ਕਰਾਉਣ ਵਾਲੇ ਸ਼ਖਸ ਨੂੰ ਅੰਮ੍ਰਿਤਸਰ ਦੇ ਦਲ ਖਾਲਸਾ ਵੱਲੋਂ ਅੱਜ ਬਹਾਦਰੀ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਦਲ ਖ਼ਾਲਸਾ ਦੇ ਦਫ਼ਤਰ ਦੇ ਆਗੂਆਂ ਦੀ ਹੋਈ ਮੀਟਿੰਗ ਮਗਰੋਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਬੁਲਾਰੇ ਕੰਵਰਪਾਲ ਸਿੰਘ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ, ਅਕਾਲੀ ਦਲ (ਅ) ਦੇ ਹਰਬੀਰ ਸਿੰਘ ਸੰਧੂ ਨੇ ਸਾਬਕਾ DGP ਦੀ ਗ੍ਰਿਫ਼ਤਾਰੀ ਲਈ ਪੋਸਟਰ ਵੀ ਜਾਰੀ ਕੀਤੇ ਹਨ, ਜਿਸ ਵਿੱਚ ਉਸ ਨੂੰ ਕਾਨੂੰਨ ਤੇ ਪੰਜਾਬ ਦੇ ਲੋਕਾਂ ਦਾ ਭਗੌੜਾ ਆਖਿਆ ਹੈ।

ਪੋਸਟਰ ’ਤੇ ਸੁਮੇਧ ਸੈਣੀ ਦੀ ਤਸਵੀਰ ਦੇ ਨਾਲ ਕਿਲਰ ਐਕਸ ਕੋਪ ਵਾਂਟੇਡ ਲਿਖਿਆ ਹੋਇਆ ਹੈ, ਅਤੇ ਨਾਲ ਹੀ ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ। ਇਸ ਸਬੰਧ ਵਿੱਚ ਪੰਜਾਬ ਤੇ ਦਿੱਲੀ ਸਮੇਤ ਹੋਰ ਥਾਵਾਂ ’ਤੇ ਇਹ ਪੋਸਟਰ ਲਾਏ ਜਾ ਰਹੇ ਹਨ। ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲੇ ਨੂੰ ਗੋਲਡ ਮੈਡਲ ਦਿੱਤਾ ਜਾਵੇਗਾ।