Punjab

ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ ਐੱਸਆਈਟੀ ਦੀ ਕਾਰਵਾਈ – ਦਾਦੂਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਐੱਸ.ਪੀ.ਐੱਸ ਪਰਮਾਰ ਦੀ ਅਗਵਾਈ ਹੇਠ ਐੱਸਆਈਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਵਿੱਚ 6 ਲੋਕਾਂ ਦੀ ਗ੍ਰਿਫਤਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਇਹ ਗ੍ਰਿਫਤਾਰੀ ਸਿਰਫ ਖਾਨਾਪੂਰਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਸਰਕਾਰ ਅੱਖਾਂ ‘ਚ ਘੱਟਾ ਪਾ ਰਹੀ ਹੈ। ਇਹ ਸਾਰੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਰਕਾਰ ਤੋਂ ਇਨਸਾਫ ਦੀ ਕੋਈ ਬਹੁਤੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹੀ ਬੰਦੇ ਪਹਿਲਾਂ ਫੜ੍ਹੇ ਗਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਸਰਕਾਰ ਨੇ ਸਿਕਿਊਰਿਟੀ ਦੇ ਦਿੱਤੀ ਸੀ।

ਦਰਅਸਲ, ਬਰਗਾੜੀ ਬੇਅਦਬੀ ਮਾਮਲੇ ਵਿੱਚ ਨਵੀਂ ਐੱਸਆਈਟੀ ਨੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸਆਈਟੀ ਨੇ ਇੱਕ ਮਹੀਨੇ ਦੀ ਪੜਤਾਲ ਮਗਰੋਂ ਬੇਅਦਬੀ ਮਾਮਲੇ ਵਿੱਚ ਛੇ ਵਿਅਕਤੀਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਸ਼ੀ ਫਰੀਦਕੋਟ ਅਤੇ ਕੋਟਕਪੂਰਾ ਦੇ ਰਹਿਣ ਵਾਲੇ ਹਨ। ਪੰਜਾਬ ਸਰਕਾਰ ਨੇ ਡੀਆਈਜੀ ਐੱਸ.ਪੀ.ਐੱਸ ਪਰਮਾਰ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰਨ ਲਈ ਐੱਸਆਈਟੀ ਦਾ ਗਠਨ ਕੀਤਾ ਸੀ। ਜਾਂਚ ਟੀਮ ਨੇ ਹੁਣ ਬਰਗਾੜੀ ਵਿੱਚ ਬੇਅਦਬੀ ਦੇ ਦੋਵੇਂ ਮਾਮਲੇ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ ਹੈ।