ਚੰਡੀਗੜ੍ਹ : ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਕੰਗਨਾ ਰਣੌਤ ਵੱਲੋਂ ਦਿੱਤੇ ਵਿਵਾਦਿਤ ਬਿਆਨ ਨੂੰ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਸਾਹਮਣੇ ਆਇਆ ਹੈ। ਦਾਦੂਵਾਲ ਨੇ ਕਿਹਾ MP ਕੰਗਨਾ ਰਣੌਤ ਇੱਕ ਮਿਸ਼ਨ ‘ਤੇ ਕੰਮ ਕਰ ਰਹੀ ਹੈ। ਉਹ ਕਦੇ ਕਿਸਾਨਾਂ ਖਿਲਾਫ਼ ,ਕਦੇ ਪੰਥ ਦੇ ਖਿਲਾਫ਼ ਅਤੇ ਹੁਣ ਸੰਤਾਂ ਦੇ ਖਿਲਾਫ਼ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ।
ਦਾਦੂਵਾਲ ਨੇ ਕਿਹਾ ਕਿ ਉਸ ਦਾ ਭਾਵੇਂ ਐਨਾ ਵਿਰੋਧ ਹੋ ਰਿਹਾ ਪਰ ਉਹ ਫਿਰ ਵੀ ਮਿਸ਼ਨ ‘ਤੇ ਚੱਲ ਰਹੀ ਹੈ। ਸਾਰੇ ਇਨਸਾਫ਼ਪਸੰਦ ਲੋਕਾਂ ਨੂੰ ਪਤਾ ਓਹਦਾ ਮਿਸ਼ਨ ਕੀ ਹੈ , ਉਹ ਕੀ ਚਾਹੁੰਦੀ ਹੈ। ਉਹ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ ਤੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਆਪਣੀ ਸਿਆਸਤ ਚਮਕਾਉਣਾ ਚਾਹੁੰਦੀ ਹੈ ,ਜੋ ਬੜੀ ਮੰਦਭਾਗੀ ਗੱਲ ਹੈ।
ਉਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਾਰੀ ਕੌਮ ਦੁਨੀਆ ਭਰ ‘ਚ ਸੰਤ ਮੰਨਦੀ ਹੈ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਦਿੱਤਾ ਗਿਆ। ਕੰਗਨਾ ਨੂੰ ਕੋਈ ਨੀ ਕਹਿੰਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸੰਤ ਜਾਂ ਸ਼ਹੀਦ ਮੰਨੇ ,ਉਸ ਦੀ ਆਪਣੀ ਵਿਚਾਰਧਾਰਾ ਹੈ। ਸੰਤ ਜਰਨੈਲ ਸਿੰਘ ਸਾਡੀ ਸਿੱਖ ਕੌਮ ਦੇ ਸ਼ਹੀਦ ਆ। ਉਨ੍ਹਾਂ ਨੇ ਸਿੱਖੀ ਸਿਧਾਂਤਾਂ ਲਈ ਸ਼ਹਾਦਤ ਦਾ ਜਾਮ ਪੀਤਾ। ਅਸੀਂ ਉਨ੍ਹਾਂ ਨੂੰ ਸੰਤ ਮੰਨਦੇ ਹਾਂ ,ਹੋਰ ਕੋਈ ਮੰਨੇ ਨਾ ਮੰਨੇ।
ਜੇ ਲੋਕਾਂ ਨੇ ਕੰਗਨਾ ਨੂੰ ਵੋਟਾਂ ਪਾ ਕੇ ਸੰਸਦ ਮੈਂਬਰ ਚੁਣਿਆ ਤਾਂ ਉਹ ਆਪਣੇ ਹਿਮਾਚਲ ਦੇ ਲੋਕਾਂ ਦੇ ਵਿਕਾਸ ਦੀ ਗੱਲ ਕਰੇ। ਉਸਨੂੰ ਪੰਥ ਬਾਰੇ ,ਸ਼ਹੀਦਾਂ ਬੜੇ ਜਾਂ ਕਿਸਾਨਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਦੀ ਮੈਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਾ ਹਾਂ। ਕੰਗਨਾ ਨੂੰ ਸਾਡੀ ਸਿੱਖ ਵਿਰਾਸਤ ਜਾਂ ਸਿੱਖ ਇਤਿਹਾਸ ਦਾ ਪਤਾ ਹੀ ਨਹੀਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੰਗਨਾ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਕਿ ਉਹ ਸੰਤ ਸੀ ਜਾਂ ਅੱਤਵਾਦੀ ਸੀ।
ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਨੌਤ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਰੁਧ ਵਿਵਾਦਤ ਬਿਆਨ ਦਿਤਾ ਹੈ। ਇਕ ਹਿੰਦੀ ਟੀ.ਵੀ. ਚੈਨਲ ’ਤੇ ਇੰਟਰਵਿਊ ’ਚ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ‘ਅਤਿਵਾਦੀ’ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ ‘ਐਮਰਜੈਂਸੀ’ ’ਤੇ ਸਿਰਫ਼ ਕੁਝ ਲੋਕ ਇਤਰਾਜ਼ ਉਠਾ ਰਹੇ ਹਨ ਅਤੇ ਡਰਾ-ਧਮਕਾ ਰਹੇ ਹਨ।