ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਦੁਕਾਨ ਵਿੱਚ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਜ ਸਵੇਰੇ ਭਰਤਗੜ੍ਹ ਬੱਸ ਸਟੈਂਡ ‘ਤੇ ਕਮਲ ਸਵੀਟਸ ਨਾਮ ਦੀ ਦੁਕਾਨ ‘ਚ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ‘ਚ ਰੱਖਿਆ ਕਮਰਸ਼ੀਅਲ ਗੈਸ ਸਿਲੰਡਰ ਫੱਟ ਗਿਆ ਅਤੇ ਜ਼ੋਰਦਾਰ ਧਮਾਕਾ ਹੋ ਗਿਆ।
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਮਾਲਕ ਜਤਿਨ ਗੌਤਮ (30) ਪੁੱਤਰ ਕਮਲ ਚੰਦ ਗੌਤਮ ਵਾਸੀ ਪਿੰਡ ਬੜਾ ਥਾਣਾ ਕੀਰਤਪੁਰ ਸਾਹਿਬ ਮੌਕੇ ‘ਤੇ ਪਹੁੰਚ ਗਿਆ ਪਰ ਜਿਵੇਂ ਹੀ ਉਸ ਨੇ ਸ਼ਟਰ ਉਪਰ ਕੀਤਾ ਤਾਂ ਸਿਲੰਡਰ ਫੱਟ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦੀ ਮਦਦ ਕਰ ਰਹੇ ਉਸ ਦੇ ਨੌਕਰ ਸੱਜਣ ਸਿੰਘ ਵਾਸੀ ਰੂਪਨਗਰ ਦੀ ਵੀ ਇਲਾਜ ਲਈ ਰੂਪਨਗਰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ।
ਅੱਗ ਇੰਨੀ ਭਿਆਨਕ ਸੀ ਕਿ ਮਦਦ ਲਈ ਆਇਆ ਪਿੰਡ ਦਾ ਚੌਕੀਦਾਰ ਰੋਸ਼ਨ ਲਾਲ ਵੀ ਸੜ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ, ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਬਚਾਅ ਕਾਰਜ ਮੁਕੰਮਲ ਹੋਣ ਮਗਰੋਂ ਸਬੰਧਿਤ ਟੀਮਾਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨਗੀਆਂ।
ਡਾਕਟਰ ਆਨੰਦ ਘਈ ਨੇ 2 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤੀਜੇ ਵਿਅਕਤੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮੌਕੇ ਦੇ ਗਵਾਹਾਂ ਸਰਪੰਚ ਸੁਖਦੀਪ ਸਿੰਘ, ਮਨਜੀਤ ਸਿੰਘ ਨੇ ਵੀ ਮੌਕੇ ਦੀ ਸਥਿਤੀ ਤੋਂ ਜਾਣੂ ਕਰਵਾਇਆ।