India International

ਬੰਗਲਾਦੇਸ਼ ਤੇ ਮਿਆਂਮਾਰ ‘ਚ ਪਹੁੰਚਿਆ ਤੂਫਾਨ ‘ਮੋਚਾ’ , 250 ਕਿਲੋਮੀਟਰ ਪ੍ਰਤੀ ਘੰਟਾ ਹੈ ਰਫ਼ਤਾਰ , ਹਾਈ ਅਲਰਟ ‘ਤੇ ਸਮੁੰਦਰੀ ਇਲਾਕੇ

Cyclone 'Mocha' has reached Bangladesh and Myanmar, the speed is 250 km per hour, maritime areas are on high alert.

ਪਿਛਲੇ ਇੱਕ ਦਹਾਕੇ ਦਾ ਸਭ ਤੋਂ ਭਿਆਨਕ ਚੱਕਰਵਾਤੀ ਤੂਫਾਨ ‘ਮੋਚਾ’ ਤੇਜ਼ੀ ਨਾਲ ਜ਼ੋਰ ਫੜ ਰਿਹਾ ਹੈ। ਮੋਚਾ ਬੰਗਲਾਦੇਸ਼ ਅਤੇ ਮਿਆਂਮਾਰ ਦੇ ਸਮੁੰਦਰੀ ਤੱਟਾਂ ਤੱਕ ਪਹੁੰਚਣ ਲੱਗਾ ਹੈ। ਹਵਾ ਦੀ ਗਤੀ ਦੇ ਹਿਸਾਬ ਨਾਲ ਚੱਕਰਵਾਤ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਮੋਚਾ ਤੂਫਾਨ ਨੂੰ ਪੰਜਵੀਂ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਤੂਫ਼ਾਨ ਦੀ ਗਤੀ 250 ਕਿਲੋਮੀਟਰ ਜਾਂ ਉਸ ਤੋਂ ਜ਼ਿਆਦਾ ਹੋਵੇਗੀ। ਭਾਰਤੀ ਮੌਸਮ ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ।

ਮਿਜ਼ੋਰਮ, ਤ੍ਰਿਪੁਰਾ ਅਤੇ ਮਨੀਪੁਰ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਪੱਛਮੀ ਬੰਗਾਲ ਦੇ ਸਾਰੇ ਚੱਕਰਵਾਤ ਸੰਭਾਵਿਤ ਜ਼ਿਲ੍ਹਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਅਤੇ ਹੋਰ ਕਿਸੇ ਵੀ ਸੰਭਾਵਿਤ ਐਮਰਜੈਂਸੀ ਲਈ ਤਿਆਰ ਹਨ।

ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਤੂਫਾਨ ਕਾਰਨ ਸਮੁੰਦਰ ਦੇ ਨਾਲ ਲੱਗਦੇ ਇਲਾਕਿਆਂ ‘ਚ ਸਮੁੰਦਰੀ ਲਹਿਰਾਂ ਦੀ ਉਚਾਈ ਚਾਰ ਮੀਟਰ ਤੱਕ ਹੋ ਸਕਦੀ ਹੈ। ਇਸ ਕਾਰਨ ਤੱਟਵਰਤੀ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਗੰਭੀਰ ਸੰਭਾਵਨਾ ਹੈ।

ਲੋਕਾਂ ਨੂੰ ਇਸ ਤਬਾਹੀ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਪੰਜ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਹੈ। ਹਾਲਾਂਕਿ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਅਤੇ ਮਿਆਂਮਾਰ ਦੇ ਸਮੁੰਦਰੀ ਤੱਟ ਦੇ ਨੇੜੇ ਰਹਿ ਰਹੇ 10 ਲੱਖ ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ।

ਭਾਰਤ ਦਾ ਮੌਸਮ ਵਿਭਾਗ ਇਸ ਬਾਰੇ ਲਗਾਤਾਰ ਚੇਤਾਵਨੀ ਦੇ ਰਿਹਾ ਹੈ। ਇਸ ਦੇ ਨਾਲ ਹੀ ਤੂਫਾਨ ਦੀ ਬਦਲਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਅੱਜ ਦੁਪਹਿਰ ਨੂੰ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਅਤੇ ਮਿਆਂਮਾਰ ਦੇ ਸਿਤਵੇ ਦੇ ਵਿਚਕਾਰ ਤੱਟੀ ਖੇਤਰਾਂ ਨਾਲ ਤੂਫਾਨ ਦੇ ਟਕਰਾਉਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਨਾਲ ਲੱਗਦੇ ਰਾਜਾਂ ਨੇ ਲੋਕਾਂ ਨੂੰ ਇਸ ਤੂਫਾਨ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ।

ਉਨ੍ਹਾਂ ਮੁਤਾਬਕ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲੇ ਦੇ ਬਕਖਲੀ ਬੀਚ ‘ਤੇ ਸਿਵਲ ਡਿਫੈਂਸ ਦੀ ਟੀਮ ਤਾਇਨਾਤ ਹੈ ਅਤੇ ਲੋਕਾਂ ਨੂੰ ਚੌਕਸ ਕਰ ਰਹੀ ਹੈ। ਟੀਮ ਨੇ ਲੋਕਾਂ ਅਤੇ ਸੈਲਾਨੀਆਂ ਨੂੰ ਚੌਕਸ ਰਹਿਣ ਅਤੇ ਸਮੁੰਦਰੀ ਕਿਨਾਰਿਆਂ ‘ਤੇ ਨਾ ਆਉਣ ਦੀ ਅਪੀਲ ਕੀਤੀ ਹੈ।

ਬੀਤੇ ਦਿਨੀਂ ਹੀ ਦੱਖਣੀ-ਪੂਰਬੀ ਬੰਗਲਾਦੇਸ਼ ਦੇ ਕਰੀਬ ਪੰਜ ਲੱਖ ਲੋਕਾਂ ਨੂੰ ਖਤਰਨਾਕ ਚੱਕਰਵਾਤ ਮੋਚਾ ਤੋਂ ਬਚਾਉਣ ਲਈ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਸੀ। ਮਾਹਿਰਾਂ ਨੇ ਦੱਸਿਆ ਹੈ ਕਿ ਇਹ ਤੂਫਾਨ ਬਹੁਤ ਖਤਰਨਾਕ ਰੂਪ ਲੈ ਸਕਦਾ ਹੈ। ਇਹ ਚੱਕਰਵਾਤ ਬੰਗਲਾਦੇਸ਼ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਹ ਖ਼ਤਰਨਾਕ ਤੂਫ਼ਾਨ ਇੱਥੇ ਤੰਬੂਆਂ ਵਿੱਚ ਰਹਿ ਰਹੇ ਲੋਕਾਂ ਲਈ ਇੱਕ ਵੱਡੇ ਸੰਕਟ ਵਾਂਗ ਹੈ।

 

ਮੋਚਾ ਦੇ ਬੰਗਲਾਦੇਸ਼ ਵੱਲ ਵਧਣ ਨਾਲ ਇੱਥੇ ਤੱਟ ਦੇ ਨੇੜੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਲਈ ਕਿਹਾ ਗਿਆ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਪਨਾਹ ਦੇਣ ਲਈ 1500 ਸ਼ੈਲਟਰ ਬਣਾਏ ਗਏ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਹ ਇਨ੍ਹਾਂ ਖੇਤਰਾਂ ਵਿਚ ਸੁਰੱਖਿਆ ਲਈ ਜੋ ਕਰ ਸਕਦੇ ਹਨ, ਕਰ ਰਹੇ ਹਨ।

ਸੂਤਰਾਂ ਮੁਤਾਬਕ ਮੌਸਮ ਵਿਭਾਗ ਨੇ ਓਡੀਸ਼ਾ ਦੇ 18 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੌਸਮ ਵਿਭਾਗ ਦੁਆਰਾ ਬੰਗਾਲ ਦੀ ਖਾੜੀ ਵਿੱਚ ਇੱਕ ਸੰਭਾਵਿਤ ਚੱਕਰਵਾਤੀ ਤੂਫਾਨ ਦੀ ਭਵਿੱਖਬਾਣੀ ਕਰਨ ਤੋਂ ਬਾਅਦ ਇੱਕ ਉੱਚ ਪੱਧਰੀ ਸਮੀਖਿਆ ਕੀਤੀ। ਪਟਨਾਇਕ ਨੇ ਸਾਰੇ ਵਿਭਾਗਾਂ ਨੂੰ ਮੋਚਾ ਦਾ ਸਾਹਮਣਾ ਕਰਨ ਦੀ ਸਥਿਤੀ ਵਿੱਚ ਤਿਆਰ ਰਹਿਣ ਲਈ ਕਿਹਾ।