ਚੇਨਈ : 2 ਦਸੰਬਰ ਨੂੰ ਬੰਗਾਲ ਦੀ ਖਾੜੀ ਤੋਂ ਨਿਕਲਿਆ ਚੱਕਰਵਾਤੀ ਤੂਫ਼ਾਨ ਮਿਚੌਂਗ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਉੱਤਰ ਵੱਲ ਵਧਿਆ ਹੈ। ਮੌਸਮ ਵਿਭਾਗ (IMD) ਦੇ ਅਨੁਸਾਰ, ਤੂਫ਼ਾਨ ਨੇ 5 ਦਸੰਬਰ ਨੂੰ ਦੁਪਹਿਰ 1 ਵਜੇ ਨੇਲੋਰ-ਮਛਲੀਪਟਨਮ ਦੇ ਵਿਚਕਾਰ ਬਾਪਟਲਾ ਵਿੱਚ ਲੈਂਡਫਾਲ ਕੀਤਾ। ਇਸ ਦੌਰਾਨ 100 ਕਿੱਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਭਾਰੀ ਮੀਂਹ ਪਿਆ।
ਚੱਕਰਵਾਤੀ ਤੂਫ਼ਾਨ ਮਿਚੌਂਗ ਕਾਰਨ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਨਾਲ-ਨਾਲ ਕਈ ਹੋਰ ਜ਼ਿਲਿਆਂ ‘ਚ ਵੀ ਤਬਾਹੀ ਦੇ ਦ੍ਰਿਸ਼ ਦੇਖਣ ਨੂੰ ਮਿਲੇ। ਪਾਣੀ ਭਰ ਜਾਣ ਕਾਰਨ ਹਵਾਈ ਅੱਡੇ ਤੋਂ ਸਬਵੇਅ ਤੱਕ ਜਾਮ ਲੱਗ ਗਿਆ। ਚੱਕਰਵਾਤ ਕਾਰਨ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਭਾਰੀ ਮੀਂਹ ਪਿਆ। ਚੇਨਈ ਵਿੱਚ ਮੀਂਹ ਨਾਲ ਸਬੰਧਿਤ ਘਟਨਾਵਾਂ ਵਿੱਚ ਹੁਣ ਤੱਕ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ।
ਤੂਫ਼ਾਨ ਦਾ ਸਭ ਤੋਂ ਵੱਧ ਅਸਰ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਪਿਆ। ਦੋਵਾਂ ਰਾਜਾਂ ਵਿੱਚ 100 ਤੋਂ ਵੱਧ ਰੇਲ ਗੱਡੀਆਂ ਅਤੇ 50 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। 29 NDRF ਅਤੇ SDRF ਟੀਮਾਂ ਨੇ 9500 ਲੋਕਾਂ ਨੂੰ ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
ਭਾਰੀ ਮੀਂਹ ਅਤੇ ਹੜ੍ਹ ਕਾਰਨ ਚੇਨਈ, ਤਿਰੂਵੱਲੁਰ, ਕਾਂਚੀਪੁਰਮ ਅਤੇ ਚੇਂਗਲਪੱਟੂ ਦੇ ਸਕੂਲ 6 ਦਸੰਬਰ ਨੂੰ ਬੰਦ ਰਹਿਣਗੇ। ਅਭਿਨੇਤਾ ਆਮਿਰ ਖ਼ਾਨ ਨੂੰ ਉਨ੍ਹਾਂ ਦੀ ਟੀਮ ਦੇ ਨਾਲ ਚੇਨਈ ਫਾਇਰ ਸਰਵਿਸ ਦੇ ਕਰਮਚਾਰੀਆਂ ਨੇ ਹੜ੍ਹ ‘ਚ ਫਸ ਜਾਣ ਤੋਂ ਬਾਅਦ ਬਚਾਇਆ। ਬਚਾਏ ਗਏ ਲੋਕਾਂ ਵਿੱਚ ਬੈਡਮਿੰਟਨ ਖਿਡਾਰਨ ਅਤੇ ਅਰਜੁਨ ਐਵਾਰਡੀ ਜਵਾਲਾ ਗੁੱਟਾ ਵੀ ਸ਼ਾਮਲ ਹੈ।
ਆਂਧਰਾ ਪ੍ਰਦੇਸ਼ ਦੇ ਸੀ ਐੱਮ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਿਚੌਂਗ ਕਾਰਨ 194 ਪਿੰਡਾਂ ਅਤੇ ਦੋ ਸ਼ਹਿਰਾਂ ਦੇ ਕਰੀਬ 40 ਲੱਖ ਲੋਕ ਪ੍ਰਭਾਵਿਤ ਹੋਏ ਹਨ। 25 ਪਿੰਡਾਂ ਵਿੱਚ ਹੜ੍ਹ ਆ ਗਏ।
ਤਾਮਿਲਨਾਡੂ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਤੂਫ਼ਾਨ ਕਾਰਨ ਸੂਬੇ ‘ਚ 2 ਦਿਨਾਂ ‘ਚ 3 ਮਹੀਨਿਆਂ ਦੀ ਬਾਰਿਸ਼ ਹੋਈ ਹੈ। ਚੇਨਈ ਸ਼ਹਿਰ ਪਾਣੀ ਵਿੱਚ ਡੁੱਬ ਗਿਆ, ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤੀ ਹਵਾਈ ਸੈਨਾ (IAF) ਦੇ ਚੇਤਕ ਹੈਲੀਕਾਪਟਰ ਨੂੰ ਚੇਨਈ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਪੁਡੂਚੇਰੀ ਵਿੱਚ ਕੁੱਲ 29 ਐਨਡੀਆਰਐਫ ਟੀਮਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਤਾਮਿਲਨਾਡੂ ਸਰਕਾਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਫੋਕਸ 80% ਬਿਜਲੀ ਸਪਲਾਈ ਬਹਾਲ ਕਰਨਾ ਹੈ ਅਤੇ 70% ਮੋਬਾਈਲ ਨੈੱਟਵਰਕ ਪਹਿਲਾਂ ਹੀ ਬਹਾਲ ਕੀਤੇ ਜਾ ਚੁੱਕੇ ਹਨ।