‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਦੇ ਕੋਨੇ-ਕੋਨੇ ਵਿੱਚ ਵਿੰਢੇ ਗਏ ਕਿਸਾਨਾਂ ਦੇ ਅੰਦੋਲਨ ਨੂੰ ਸਰਕਾਰੀ ਜ਼ਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਖਬਰ ਅਨੁਸਾਰ ਤਾਮਿਲਨਾਡੂ ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਲੋਕਾਂ ਵੱਲੋਂ ਕੱਢੀ ਜਾ ਰਹੀ ਸਾਈਕਲ ਰੈਲੀ ਦਾ ਹੁਣ ਤਾਮਿਲਨਾਡੂ ਦੀ ਪੁਲਿਸ ਰਾਹ ਡੱਕ ਲਿਆ ਹੈ। ਇੰਨਾ ਹੀ ਨਹੀ ਪੁਲਿਸ ਵੱਲੋਂ ਕਿਸਾਨਾਂ ਨੂੰ ਪੁਲਿਸ ਥਾਣੇ ਲਿਜਾਣ ਦੀ ਬਜਾਏ ਕਿਸੇ ਹੋਰ ਸੁੰਨਸਾਨ ਥਾਂ ਤੇ ਲਿਜਾਇਆ ਗਿਆ ਹੈ।
ਦੱਸ ਦਈਏ ਕਿ ਕੱਲ੍ਹ ਹੀ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕੋਲਕਾਤਾ ਜਾਣ ਤੋਂ ਪਹਿਲਾਂ ਆਪਣੇ ਉਲੀਕੇ ਗਏ ਪ੍ਰੋਗਰਾਮ ਦੱਸੇ ਸੀ। ਪੂਰੇ ਦੇਸ਼ ਵਿਚ ਬੀਜੇਪੀ ਦੇ ਖਿਲਾਫ ਸ਼ੁਰੂ ਕੀਤੇ ਗਏ ਇਸ ਅੰਦੋਲਨ ਨੂੰ ਸਰਕਾਰੀ ਤੰਤਰ ਦੀਆਂ ਵਧੀਕੀਆਂ ਸਹਿਣੀਆਂ ਪੈ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਇਕਲ ਮਾਰਚ ਕੱਢਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਾਰਚ ਵਿੱਚ 8303 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਨ ਦਾ ਟੀਚਾ ਵੀ ਮਿੱਥਿਆ ਗਿਆ ਹੈ। ਇਸੇ ਅੰਦੋਲਨ ਦੇ ਤਹਿਤ ਕਿਸਾਨ ਤਾਮਿਲਨਾਡੂ ਵਿਚ ਸਾਇਕਲ ਰੈਲੀ ਕੱਢ ਰਹੇ ਸਨ।