‘ਦ ਖ਼ਾਲਸ ਬਿਊਰੋ :- ਕਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਲੋਕਾਂ ਵਿੱਚ ਕਰੋਨਾ ਦੇ ਪ੍ਰਤੀ ਡਰ ਬੈਠ ਗਿਆ ਹੈ। ਲੋਕ ਕਰੋਨਾ ਤੋਂ ਆਪਣੇ ਬਚਾਅ ਲਈ ਹਰ ਹੀਲਾ ਵਰਤ ਰਹੇ ਹਨ। ਕਈ ਲੋਕ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਹੀ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਰਹੇ ਹਨ। ਪਰ ਡਾਕਟਰਾਂ ਨੇ ਲੋਕਾਂ ਨੂੰ ਅਜਿਹੀ ਅਣਗਹਿਲੀ ਨਾ ਵਰਤਣ ਦੀ ਅਪੀਲ ਕੀਤੀ ਹੈ।
ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਅੱਜ ਧੜਾਧੜ ਸੀ.ਟੀ. ਸਕੈਨ ਕਰਵਾਉਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਹਨ ਅਤੇ ਇਸ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ, ‘ਇੱਕ ਸੀ.ਟੀ. ਸਕੈਨ ਛਾਤੀ ਦੇ 300 ਤੋਂ 400 ਐਕਸ-ਰੇ ਕਰਾਉਣ ਦੇ ਬਰਾਬਰ ਹੈ ਅਤੇ ਛੋਟੀ ਉਮਰ ’ਚ ਸੀ.ਟੀ. ਸਕੈਨ ਕਰਾਉਣ ਨਾਲ ਕੈਂਸਰ ਦਾ ਖਤਰਾ ਵੱਧਦਾ ਹੈ। ਆਪਣੇ ਸਰੀਰ ਨੂੰ ਵਾਰ-ਵਾਰ ਰੇਡੀਏਸ਼ਨ ’ਚੋਂ ਲੰਘਾਉਣ ਨਾਲ ਬਹੁਤ ਨੁਕਸਾਨ ਹੋਵੇਗਾ। ਇਸ ਲਈ ਹਲਕਾ ਕਰੋਨਾ ਹੋਣ ਜਾਂ ਆਮ ਵਾਂਗ ਸਾਹ ਆਉਣ ’ਤੇ ਸੀ.ਟੀ. ਸਕੈਨ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ।’