India Punjab

ਨਮ ਅੱਖਾਂ ਨਾਲ ਦਿੱਤੀ ਕਿਸਾਨ ਅੰਦੋਲਨ ਦੀਆਂ ਤਿੰਨ ਸੰਘਰਸ਼ੀ ਕਿਸਾਨ ਬੀਬੀਆਂ ਨੂੰ ਵਿਦਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਈਆਂ ਸੰਘਰਸ਼ੀ ਕਿਸਾਨ ਬੀਬੀਆਂ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ, ਰੁਲਦੂ ਸਿੰਘ ਮਾਨਸਾ ਵੀ ਸ਼ਾਮਿਲ ਹੋਏ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸ਼ਹੀਦ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਮੋਦੀ ਸਰਕਾਰ ਹੱਠ ਧਰਮੀ ਸਰਕਾਰ ਹੋ ਗਈ ਹੈ। ਕਿਸਾਨ ਮੋਰਚੇ ਵਿੱਚ 700 ਸ਼ਹੀਦੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ। ਕਈ ਕਿਸਾਨ ਠੰਡ, ਬਿਮਾਰੀ, ਸੜਕ ਹਾਦਸਿਆਂ ਕਾਰਨ ਸ਼ਹੀਦ ਹੋਏ ਹਨ ਅਤੇ ਕਈਆਂ ਨੂੰ ਮਾਰ ਦਿੱਤਾ ਗਿਆ ਹੈ। ਇਸਦੇ ਬਾਵਜੂਦ ਵੀ ਅਜੇ ਤੱਕ ਇਸ ਸਰਕਾਰ ਦਾ ਦਿਲ ਨਹੀਂ ਪਸੀਜਿਆ, ਉੱਥੇ ਦੀ ਉੱਥੇ ਹੀ ਖੜੀ ਹੈ। ਸ਼ਹੀਦਾਂ ਦੀ ਕੁਰਬਾਨੀ ਖਾਲੀ ਨਹੀਂ ਜਾਵੇਗੀ। ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪਤਾ ਨਹੀਂ ਸਰਕਾਰ ਨੇ ਸਾਡੀਆਂ ਹੋਰ ਕਿੰਨੀਆਂ ਕੁ ਸ਼ਹੀਦੀਆਂ ਲੈਣੀਆਂ ਹਨ। ਬਹੁਤ ਸਾਰੇ ਕਿਸਾਨ ਆਗੂ, ਔਰਤਾਂ, ਬੱਚੇ, ਬਜ਼ੁਰਗ ਸ਼ਹੀਦ ਹੋ ਗਏ ਹਨ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ, ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਦਰਅਸਲ, 28 ਅਕਤੂਬਰ ਨੂੰ ਟਿਕਰੀ ਬਾਰਡਰ ‘ਤੇ ਸਵੇਰੇ 6 ਵਜੇ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਸੱਤ ਕਿਸਾਨ ਬੀਬੀਆਂ ਅਤੇ ਇੱਕ 35 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਦਰੜਿਆ ਗਿਆ। ਹਾਦਸੇ ਵਿੱਚ ਮਾਨਸਾ ਦੇ ਪਿੰਡ ਖੀਵਾ ਦਿਆਲਾ ਕਲਾਂ ਦੀਆਂ ਰਹਿਣ ਵਾਲ਼ੀਆਂ ਤਿੰਨ ਸੰਘਰਸ਼ੀ ਕਿਸਾਨ ਬੀਬੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਈਆਂ। ਹਾਦਸੇ ‘ਚ 2 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਔਰਤ ਨੇ ਹਸਪਤਾਲ ਵਿੱਚ ਦਮ ਤੋੜਿਆ।