ਸੰਗਰੂਰ ਦੇ ਪਿੰਡ ਗੁੱਜਰਾਂ, ਢੰੰਡੋਲੀ, ਟਿੱਬੀ ਰਵਿਦਾਸਪੁਰਾ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਾਉਣ ਲਈ ਜਨਤਕ ਜਥੇਬੰਦੀਆਂ ਵਲੋਂ ਡੀਸੀ ਦਫ਼ਤਰ ਅੱਗੇ ਲਗਾਇਆ ਪੱਕਾ ਮੋਰਚਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੰਗਾਂ ’ਤੇ ਸਹਿਮਤੀ ਬਣਨ ਮਗਰੋਂ ਸਮਾਪਤ ਹੋ ਗਿਆ।
ਇਸ ਮਗਰੋਂ ਅੱਜ ਸਿਵਲ ਹਸਪਤਾਲ ਸੰਗਰੂਰ ਅਤੇ ਸੁਨਾਮ ਵਿਚ 13 ਮ੍ਰਿਤਕ ਦੇਹਾਂ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਿੰਡਾਂ ’ਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਪੁਲੀਸ ਦੇ ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਐੱਸਐੱਸਪੀ ਸਰਤਾਜ ਸਿੰਘ ਚਹਿਲ ਆਦਿ ਮੌਜੂਦ ਸਨ। ਪਿੰਡ ਗੁੱਜਰਾਂ ਵਿੱਚ ਸੱਤ, ਢੰਡੋਲੀ ਵਿੱਚ ਦੋ, ਟਿੱਬੀ ਰਵਿਦਾਸਪੁਰਾ ਵਿੱਚ ਦੋ, ਉਪਲੀ ਵਿਚ ਇਕ ਮ੍ਰਿਤਕ ਦਾ ਸਸਕਾਰ ਕੀਤਾ ਗਿਆ।
ਇਸ ਤੋਂ ਇਲਾਵਾ ਪਿੰਡ ਗੁੱਜਰਾਂ ਵਿਚ ਰਿਸ਼ਤੇਦਾਰੀ ਵਿਚ ਆਏ ਇਕ ਵਿਅਕਤੀ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ, ਉਸ ਦਾ ਸਸਕਾਰ ਅੱਜ ਸਮਾਣਾ ਨੇੜਲੇ ਪਿੰਡ ਵਿਚ ਕੀਤਾ ਗਿਆ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਆਬਕਾਰੀ ਤੇ ਕਰ ਨਿਰੀਖਕ ਸੁਨਾਮ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ, ਪੁਲੀਸ ਥਾਣਾ ਸ਼ੁਤਰਾਣਾ ਦੇ ਐਸ.ਐਚ.ਓ. ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਉਚ ਪੱਧਰੀ ਐਸਆਈਟੀ ਗਠਿਤ ਕਰ ਦਿੱਤੀ ਹੈ, ਪੰਜਾਬ ਦੀ ਇੱਕ ਨਾਮੀ ਸ਼ਰਾਬ ਕੰਪਨੀ ਦੇ ਸੈਂਪਲ ਭਰੇ ਗਏ ਹਨ, ਜਿਸ ਦੇ ਠੇਕਿਆਂ ਦੀ ਸ਼ਰਾਬ ਸੀਲ ਕਰ ਦਿੱਤੀ ਗਈ ਹੈ।
ਜੇਕਰ ਸੈਂਪਲ ਫੇਲ੍ਹ ਪਾਏ ਗਏ ਜਾਂ ਕੋਈ ਹੋਰ ਖਾਮੀ ਪਾਈ ਗਈ ਤਾਂ ਕਾਰਵਾਈ ਹੋਵੇਗੀ। ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਰੈਡ ਕਰਾਸ ਤਹਿਤ ਕਰਵਾਈ ਜਾਵੇਗੀ। ਐਕਸ਼ਨ ਕਮੇਟੀ ਆਗੂਆਂ ਨੇ ਦੱਸਿਆ ਕਿ ਸਿੱਟ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਵਿਚ 6 ਅਤੇ ਸਿਵਲ ਹਸਪਤਾਲ ਸੁਨਾਮ ਵਿਚ 7 ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਮਗਰੋਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 20 ਮਾਰਚ ਨੂੰ ਗੁੱਜਰਾਂ ਪਿੰਡ ਦੇ ਹੀ ਜਗਜੀਤ ਸਿੰਘ, ਪ੍ਰਗਟ ਸਿੰਘ, ਭੋਲਾ ਸਿੰਘ ਤੇ ਲਾਡੀ ਨੇ ਦਮ ਤੋੜ ਦਿੱਤਾ ਸੀ। 21 ਮਾਰਚ ਨੂੰ ਪਟਿਆਲਾ ਰੈਫਰ ਕੀਤੇ ਗਏ 20 ਲੋਕਾਂ ਵਿਚੋਂ 3 ਦੀ ਜਾਨ ਚਲੀ ਗਈ। ਇਨ੍ਹਾਂ ਵਿਚ 28 ਸਾਲ ਦਾ ਗੁਰਸੇਵਕ ਸਿੰਘ ਉਪਲੀ ਪਿੰਡ ਦਾ ਰਹਿਣ ਵਾਲਾ ਸੀ ਜਦੋਂ ਕਿ ਕੁਲਦੀਪ ਸਿੰਘ ਤੇ ਕ੍ਰਿਪਾਲ ਸਿੰਘ ਢੰਡੋਲੀ ਖੁਰਦ ਦੇ ਸਨ। 22 ਮਾਰਚ ਨੂੰ 10 ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਗੁੱਜਰਾਂ ਪਿੰਡ ਦੇ ਜਰਨੈਲ ਸਿੰਘ ਤੇ ਹਰਜੀਤ ਸਿੰਘ ਤੋਂ ਇਲਾਵਾ ਸੁਨਾਮ ਦੀ ਟਿੱਬੀ ਰਵੀਦਾਸਪੁਰਾ ਬਸਤੀ ਦੇ ਬੁੱਧ ਸਿੰਘ, ਦਰਸ਼ਨ ਸਿੰਘ ਪੁੱਤਰ ਭੀਮ ਸਿੰਘ ਤੇ ਦਰਸ਼ਨ ਸਿੰਘ ਪੁੱਤਰ ਕਪੂਰ ਸਿੰਘ ਸਨ। ਸੁਨਾਮ ਦੇ ਰਵੀ ਤੇ ਕਰਮਜੀਤ ਸਿੰਘ, ਜਖੇਪਲ ਪਿੰਡ ਦੇ ਗਿਆਨ ਸਿੰਘ, ਲਹਿਲਕਲਾਂ ਦੇ ਲੱਛਾ ਸਿੰਘ ਤੇ ਸਮਾਣਾ ਦੇ ਸਫੀ ਨਾਥ ਨੇ ਵੀ ਸ਼ੁੱਕਰਵਾਰ ਨੂੰ ਦਮ ਤੋੜ ਦਿੱਤਾ।