India

CPI(M) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦਿਹਾਂਤ! 25 ਦਿਨਾਂ ਤੋਂ ਦਿੱਲੀ ਏਮਜ਼ ’ਚ ਚੱਲ ਰਿਹਾ ਸੀ ਇਲਾਜ

ਬਿਉਰੋ ਰਿਪੋਰਟ: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) CPI(M) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ 72 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਤੇਜ਼ ਬੁਖਾਰ ਤੋਂ ਬਾਅਦ 19 ਅਗਸਤ ਨੂੰ ਦਿੱਲੀ ਦੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਿਛਲੇ 25 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਸੀਪੀਆਈ (ਐਮ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਕਾਮਰੇਡ ਸੀਤਾਰਾਮ ਯੇਚੁਰੀ ਨੂੰ ਸਾਹ ਦੀ ਨਾਲੀ ਵਿੱਚ ਗੰਭੀਰ ਲਾਗ ਸੀ। ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਤੇਜ਼ ਬੁਖਾਰ ਤੋਂ ਪੀੜਤ ਹੋਣ ਤੋਂ ਬਾਅਦ 19 ਅਗਸਤ ਨੂੰ ਉਨ੍ਹਾਂ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਦਾਖ਼ਲ ਕਰਾਇਆ ਗਿਆ ਸੀ। 72 ਸਾਲਾ ਸੀਪੀਐਮ ਆਗੂ ਦਾ ਹਾਲ ਹੀ ਵਿੱਚ ਮੋਤੀਆਬਿੰਦ ਦਾ ਆਪਰੇਸ਼ਨ ਵੀ ਹੋਇਆ ਸੀ।

ਯੇਚੁਰੀ ਦਾ ਸਿਆਸੀ ਸਫ਼ਰ

ਸੀਤਾਰਾਮ ਯੇਚੁਰੀ 1975 ਵਿੱਚ CPM ਨਾਲ ਜੁੜੇ। ਇਸ ਤੋਂ ਬਾਅਦ 1974 ਵਿੱਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਵਿੱਚ ਸ਼ਾਮਲ ਹੋਏ। ਇੱਕ ਸਾਲ ਬਾਅਦ ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਿੱਚ ਸ਼ਾਮਲ ਹੋ ਗਏ। ਐਮਰਜੈਂਸੀ ਤੋਂ ਬਾਅਦ, ਉਹ ਇੱਕ ਸਾਲ (1977-78) ਦੇ ਦੌਰਾਨ ਤਿੰਨ ਵਾਰ JNU ਵਿਦਿਆਰਥੀ ਯੂਨੀਅਨ ਦਾੇ ਪ੍ਰਧਾਨ ਚੁਣੇ ਗਏ। ਉਹ SFI ਦੇ ਪਹਿਲੇ ਪ੍ਰਧਾਨ ਸਨ ਜੋ ਕੇਰਲ ਜਾਂ ਬੰਗਾਲ ਤੋਂ ਨਹੀਂ ਸਨ।

ਯੇਚੁਰੀ 1984 ਵਿੱਚ ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਲਈ ਚੁਣੇ ਗਏ ਸਨ। ਉਨ੍ਹਾਂ ਨੇ 1986 ਵਿੱਚ SFI ਛੱਡ ਦਿੱਤੀ ਸੀ। ਫਿਰ ਉਹ 1992 ਵਿੱਚ ਚੌਦਵੀਂ ਕਾਂਗਰਸ ਵਿੱਚ ਪੋਲਿਟ ਬਿਊਰੋ ਲਈ ਚੁਣੇ ਗਏ। ਯੇਚੁਰੀ ਜੁਲਾਈ 2005 ਵਿੱਚ ਪੱਛਮੀ ਬੰਗਾਲ ਤੋਂ ਰਾਜ ਸਭਾ ਲਈ ਚੁਣੇ ਗਏ ਸਨ।

ਇਸ ਤੋਂ ਬਾਅਦ ਉਹ 19 ਅਪ੍ਰੈਲ 2015 ਨੂੰ ਸੀਪੀਆਈ (ਐਮ) ਦੇ ਪੰਜਵੇਂ ਜਨਰਲ ਸਕੱਤਰ ਚੁਣੇ ਗਏ ਸਨ। ਅਪ੍ਰੈਲ 2018 ਵਿੱਚ ਉਹ ਦੁਬਾਰਾ ਸੀਪੀਆਈ (ਐਮ) ਦੇ ਜਨਰਲ ਸਕੱਤਰ ਵਜੋਂ ਚੁਣੇ ਗਏ। ਅਪ੍ਰੈਲ 2022 ਵਿੱਚ, ਯੇਚੁਰੀ ਨੇ ਤੀਜੀ ਵਾਰ ਸੀਪੀਆਈ (ਐਮ) ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ।