‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਪੇਨ ਵਿੱਚ ਇੱਕ ਵਿਅਕਤੀ ਨੂੰ ਕੋਰੋਨਾ ਪਾਜੇਟਿਵ ਹੋਣ ਦੇ ਬਾਵਜੂਦ ਲਗਾਤਾਰ ਜਿੰਮ ਅਤੇ ਆਪਣੇ ਕੰਮ ‘ਤੇ ਜਾਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਦੀ ਇਸ ਹਰਕਤ ਕਾਰਨ ਇਸਦੇ ਸਾਥੀ ਕਰਮਚਾਰੀ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਫੜੇ ਗਏ ਵਿਅਕਤੀ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਿਕ ਇਹ ਵਿਅਕਤੀ ਮਜੋਰਕਾ ਵਿੱਚ ਆਪਣੇ ਕੰਮ ਵਾਲੀ ਥਾਂ ‘ਤੇ ਮਾਸਕ ਹੇਠਾਂ ਕਰਕੇ ਘੁੰਮ ਰਿਹਾ ਸੀ ਤੇ ਆਪਣੇ ਸਹਿਕਰਮੀਆਂ ਨੂੰ ਖੰਘ ਕੇ ਕਹਿ ਰਿਹਾ ਸੀ ਕਿ ਮੈਂ ਤੁਹਾਨੂੰ ਲਾਗ ਲਾ ਦਿਆਂਗਾ।
ਇਸ ਤੋਂ ਬਾਅਦ ਪੰਜ ਸਹਿਕਰਮੀ ਤੇ ਜਿੰਮ ਦੇ 3 ਸਾਥੀ ਕੋਰੋਨਾ ਪਾਜ਼ੇਟਿਵ ਹੋ ਗਏ। ਬਾਕੀ ਕੋਰੋਨਾ ਦੀ ਲਾਗ ਦਾ ਸ਼ਿਕਾਰ ਹੋਏ 14 ਲੋਕਾਂ ਦੇ ਪਰਿਵਾਰਕ ਮੈਂਬਰ ਵੀ ਕੋਰੋਨਾ ਨਾਲ ਪੀੜਿਤ ਹੋ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਉਮਰ ਇੱਕ ਸਾਲ ਹੈ।
ਸਪੈਨਿਸ਼ ਪੁਲਿਸ ਦੇ ਅਨੁਸਾਰ ਇਸ ਵਿਅਕਤੀ ਨੂੰ ਕਈ ਦਿਨਾਂ ਤੋਂ ਕੋਰੋਨਾ ਦੇ ਲੱਛਣ ਸਨ, ਪਰ ਇਸਨੇ ਘਰ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਇਕ ਸ਼ਾਮ ਇਸ ਵਿਅਕਤੀ ਨੇ ਪੀਸੀਆਰ ਟੈਸਟ ਲਿਆ ਪਰ ਅਗਲੇ ਦਿਨ ਬਿਨ੍ਹਾਂ ਰਿਪੋਟਰ ਆਉਣ ਦੇ ਇਹ ਵਿਅਕਤੀ ਕੰਮ ਅਤੇ ਜਿੰਮ ਚਲਾ ਗਿਆ। ਪੁਲਿਸ ਨੇ ਕਿਹਾ ਕਿ ਹਾਲਾਂਕਿ ਕੋਈ ਵੀ ਗੰਭੀਰ ਬਿਮਾਰ ਨਹੀਂ ਹੈ, ਫਿਰ ਵੀ ਉਨ੍ਹਾਂ ਵੱਲੋਂ ਲਗਾਏ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਰਹੀ ਹੈ।