ਮਹਾਰਾਸ਼ਟਰ ਦੀ ਨਾਗਪੁਰ ਜ਼ਿਲ੍ਹਾ ਅਦਾਲਤ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਵਾਲੇ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ ਦੇ ਸਾਬਕਾ ਸੀਨੀਅਰ ਸਿਸਟਮ ਇੰਜੀਨੀਅਰ ਨਿਸ਼ਾਂਤ ਅਗਰਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਨਿਸ਼ਾਂਤ ਬ੍ਰਹਮੋਸ ਮਿਜ਼ਾਈਲ ਨਾਲ ਜੁੜੀ ਜਾਣਕਾਰੀ ਕੋਡ ਗੇਮਜ਼ ਰਾਹੀਂ ਆਈਐਸਆਈ ਨੂੰ ਭੇਜਦਾ ਸੀ। ਅਗਰਵਾਲ ਨੂੰ ਅਪ੍ਰੈਲ 2023 ਵਿੱਚ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਜ਼ਮਾਨਤ ਦਿੱਤੀ ਸੀ।
2018 ਵਿੱਚ ਗ੍ਰਿਫਤਾਰ ਕੀਤੇ ਗਏ ਨਿਸ਼ਾਂਤ ਨੂੰ ਆਈਪੀਸੀ ਅਤੇ ਆਫੀਸ਼ੀਅਲ ਸੀਕਰੇਟਸ ਐਕਟ (ਓਐਸਏ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਸ ‘ਤੇ 3000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਸਾਲ 2018 ਵਿੱਚ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ ਦੇ ਨਾਗਪੁਰ ਸਥਿਤ ਮਿਜ਼ਾਈਲ ਕੇਂਦਰ ਦੇ ਤਕਨੀਕੀ ਖੋਜ ਕੇਂਦਰ ਵਿੱਚ ਕੰਮ ਕਰਦੇ ਹੋਏ ਨਿਸ਼ਾਂਤ ਅਗਰਵਾਲ ਨੂੰ ਯੂਪੀ-ਮਹਾਰਾਸ਼ਟਰ ਦੀ ਮਿਲਟਰੀ ਇੰਟੈਲੀਜੈਂਸ ਅਤੇ ਏਟੀਐਸ ਦੁਆਰਾ ਇੱਕ ਸਾਂਝੇ ਆਪਰੇਸ਼ਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਚਾਰ ਸਾਲ ਬ੍ਰਹਮੋਸ ਏਰੋਸਪੇਸ ਵਿੱਚ ਕੰਮ ਕੀਤਾ।
ਅਗਰਵਾਲ ਫੇਸਬੁੱਕ ‘ਤੇ ਨੇਹਾ ਸ਼ਰਮਾ ਅਤੇ ਪੂਜਾ ਰੰਜਨ ਨਾਂ ਦੇ ਦੋ ਅਕਾਊਂਟ ਨਾਲ ਚੈਟ ਕਰਦਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਖਾਤਿਆਂ ਨੂੰ ਪਾਕਿਸਤਾਨੀ ਖੁਫੀਆ ਏਜੰਟਾਂ ਦੁਆਰਾ ਹੈਂਡਲ ਕੀਤਾ ਜਾ ਰਿਹਾ ਸੀ। ਨਿਸ਼ਾਂਤ ਤੋਂ ਇਲਾਵਾ ਇਕ ਹੋਰ ਇੰਜੀਨੀਅਰ ‘ਤੇ ਫੌਜ ਦੀ ਨਜ਼ਰ ਸੀ। ਇਸ ਤੋਂ ਬਾਅਦ ਨਿਸ਼ਾਂਤ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨਿਸ਼ਾਂਤ ਖ਼ਿਲਾਫ਼ ਆਈਪੀਸੀ ਅਤੇ ਓਐਸਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਨਿਸ਼ਾਂਤ ਨੇ ਕੁਰੂਕਸ਼ੇਤਰ ਐਨਆਈਟੀ ਤੋਂ ਪੜ੍ਹਾਈ ਕੀਤੀ ਸੀ। ਉਹ ਸੋਨ ਤਮਗਾ ਜੇਤੂ ਸੀ।
ਇਹ ਵੀ ਪੜ੍ਹੋ – ਤਾਜ ਐਕਸਪ੍ਰੈਸ ਰੇਲ ਗੱਡੀ ਦੇ 3 ਡੱਬਿਆਂ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ