‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਇਕ ਨਵੀਂ ਪਰੇਸ਼ਾਨੀ ਵਿਚ ਘਿਰ ਗਏ ਹਨ।ਮੁਹਾਲੀ ਦੀ ਇੱਕ ਅਦਾਲਤ ਨੇ ਸੁਮੇਧ ਸੈਣੀ ਦੇ ਚੰਡੀਗੜ੍ਹ ਦੇ ਸੈਕਟਰ-20 ’ਚ ਸਥਿ ਕੋਠੀ ਨੂੰ ਆਰਜ਼ੀ ਤੌਰ ਉੱਤੇ ‘ਅਟੈਚ ਕਰਨ’ ਦੇ ਹੁਕਮ ਦਿੱਤੇ ਹਨ। ਸੁਮੇਧ ਸੈਣੀ ਹਾਲ ਦੀ ਘੜੀ ਇੱਥੇ ਰਹਿ ਰਹੇ ਹਨ।
ਦੱਸ ਦਈਏ ਕਿ ਇਹ ਹੁਕਮ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਪੀਐਸ ਗਰੇਵਾਲ ਨੇ ਜਾਰੀ ਕੀਤੇ ਹਨ ਤੇ ਇਹ ਜਾਣਕਾਰੀ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਦੇ ਹਵਾਨੇ ਨਾਲ ਮਿਲ ਰਹੀ ਹੈ।
ਹੁਕਮ ਜਾਰੀ ਕਰਦਿਆਂ ਅਦਾਲਤ ਨੇ ਜ਼ਿਲ੍ਹਾ ਕੁਲੈਕਟਰ ਮੁਹਾਲੀ ਨੂੰ ਇਸ ਮਾਮਲੇ ’ਚ ਰਿਸੀਵਰ ਨਿਯੁਕਤ ਕੀਤਾ ਹੈ ਤੇ ਹਦਾਇਤ ਕੀਤੀ ਹੈ ਕਿ ਚੰਡੀਗੜ੍ਹ ਸਥਿਤ ਸੁਮੇਧ ਸੈਣੀ ਦੀ ਰਿਹਾਇਸ਼ੀ ਕੋਠੀ ਨੂੰ ਅਟੈਚ ਕਰਨ ਦੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਉਣ। ਸੁਮੇਧ ਸੈਣੀ ਇਸ ਵੇਲੇ ਇਸ ਕੋਠੀ ਦਾ ਢਾਈ ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇ ਰਹੇ ਹਨ ਤੇ ਇਸ ਹੁਕਮ ਅਨੁਸਾਰ ਇਹ ਕਿਰਾਇਆ ਵੀ ਹੁਣ ਸਰਕਾਰੀ ਖਾਤੇ ਵਿੱਚ ਜਮ੍ਹਾ ਕੀਤਾ ਜਾਵੇਗਾ।
ਇਹ ਦੋਸ਼ ਵੀ ਲੱਗੇ ਹਨ ਕਿ ਇਹ ਕੋਠੀ ਸੁਮੇਧ ਸੈਣੀ ਦੇ ਕਹਿਣ ’ਤੇ ਕਥਿਤ ਤੌਰ ਉੱਤੇ ਗਲਤ ਤਰੀਕੇ ਨਾਲ ਯਾਨੀ ਕਿ ਦੋ ਨੰਬਰ ਦੇ ਪੈਸੇ ਨਾਲ ਖ਼ਰੀਦੀ ਗਈ ਸੀ।ਇਹ ਦੋਸ਼ ਰਾਜ ਦੇ ਵਿਜੀਲੈਂਸ ਵਿਭਾਗ ਨੇ ਪੂਰੀ ਜਾਂਚ ਤੋਂ ਬਾਅਦ ਲਾਏ ਹਨ ਤੇ ਇਸ ਵਿਭਾਗ ਨੇ ਹੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਕਿ ਸੁਮੈਧ ਸੈਣੀ ਦੀ ਰਿਹਾਇਸ਼ੀ ਕੋਠੀ ਨੂੰ ਅਟੈਚ ਕਰ ਦਿੱਤਾ ਜਾਵੇ।
ਇਸ ਮਾਮਲੇ ਵਿਚ ਇਸ ਕੋਠੀ ਦੇ ਪੱਕੇ ਮਾਲਕ ਸੁਰਿੰਦਰਜੀਤ ਸਿੰਘ ਜਸਪਾਲ ਤੇ ਉਸਦੇ ਪੁੱਤਰ ਨਿਮਰਤਦੀਪ ਸਿੰਘ ਦੇ ਨਾਂਅ ਉੱਤੇ ਵੀ ਨੋਟਿਸ ਜਾਰੀ ਕੀਤਾ ਗਿਆ ਹੈ।ਸੁਰਿੰਦਰਜੀਤ ਸਿੰਘ ਜਸਪਾਲ ਨੇ ਕਥਿਤ ਤੌਰ ਉੱਤੇ ਉਸੇ ਦੋ ਨੰਬਰ ਦੇ ਧਨ ਦੀ ਵਰਤੋਂ ਕਰਦਿਆਂ ਇਹ ਕੋਠੀ ਖ਼ਰੀਦੀ ਸੀ।ਅਕਤੂਬਰ 2018 ’ਚ ਇਸ ਕੋਠੀ ਦੀ ਮੁਰੰਮਤ ਦੇ ਬਾਅਦ ਤੋਂ ਦਸਤਾਵੇਜ਼ਾਂ ਵਿੱਚ ਕਥਿਤ ਤੌਰ ਉੱਤੇ ਇਹੋ ਦਰਸਾਇਆ ਗਿਆ ਹੈ ਕਿ ਉੱਥੇ ਸੁਮੇਧ ਸੈਣੀ ਰਹਿ ਰਹੇ ਹਨ।
ਇੱਥੇ ਦੱਸ ਦੇਈਏ ਕਿ ਸੁਮੇਧ ਸੈਣੀ ਦਸੰਬਰ 1991 ’ਚ ਸ਼ੱਕੀ ਹਾਲਾਤਾਂ ਵਿ ਗ਼ਾਇਬ ਹੋਏ ਸਨ। 22 ਦਸੰਬਰ, 2020 ਨੂੰ ਮੋਹਾਲੀ ਪੁਲਿਸ ਨੇ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਸੁਮੇਧ ਸਿੰਘ ਸੈਣੀ ਵਿਰੁੱਧ ਦੋਸ਼ ਆਇਦ ਕੀਤੇ ਸਨ ਭਾਵ ਤਦ ਉਨ੍ਹਾਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ।
ਵਿਜੀਲੈਂਸ ਵਿਭਾਗ ਦੇ ਜਾਂਚ ਅਧਿਕਾਰੀ ਦੀ ਅਰਜ਼ੀ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਰਿਹਾਇਸ਼ੀ ਕੋਠੀ ਸੁਮੇਧ ਸੈਣੀ ਲਈ ਹੀ ਸੀ ਤੇ ਹਾਲੇ ਤੱਕ ਕਿਰਾਏ ਵਜੋਂ ਕੋਈ ਰਕਮ ਵਸੂਲ ਨਹੀਂ ਕੀਤੀ ਗਈ ਹੈ। ਸਗੋਂ ਸੁਰਿੰਦਰ ਸਿੰਘ ਜਸਪਾਲ ਨਾਂ ਦੇ ਇੱਕ ਵਿਅਕਤੀ ਨੂੰ ਸੁਮੇਧ ਸੈਣੀ ਨੇ 6.4 ਕਰੋੜ ਰੁਪਏ ਅਦਾ ਕੀਤੇ ਸਨ ਤੇ ਇਸ ਲਈ ਵਿਕਰੀ ਵਾਸਤੇ ਕੋਈ ਸਮਝੌਤਾ ਵੀ ਨਹੀਂ ਕੀਤਾ ਗਿਆ। ਬਾਅਦ ਵਿੱਚ ਇੱਕ ਜਾਅਲੀ ਜਿਹਾ ਐਗ੍ਰੀਮੈਂਟ ਇਹ ਜਾਇਦਾਦ ਵੇਚਣ ਲਈ ਵਿਖਾ ਦਿੱਤਾ ਗਿਆ ਹੈ, ਜੋ ਕਿਸੇ ਸਟੈਂਪ ਪੇਪਰ ਉੱਤੇ ਵੀ ਨਹੀਂ ਹੈ ਅਤੇ ਨਾ ਹੀ ਉਸ ਉੱਤੇ ਕਿਸੇ ਗਵਾਹ ਦੇ ਦਸਤਖ਼ਤ ਹਨ। ਉਸ ਉੱਤੇ ਸਿਰਫ਼ ਸੁਮੇਧ ਸਿੰਘ ਸੈਣੀ ਤੇ ਸੁਰਿੰਦਰਜੀਤ ਸਿੰਘ ਜਸਪਾਲ ਦੇ ਹੀ ਦਸਤਖ਼ਤ ਹਨ।
ਵਿਜੀਲੈਂਸ ਵਿਭਾਗ ਦੇ ਜਾਂਚ ਅਧਿਕਾਰੀ ਨੇ ਆਪਣਾ ਅਰਜ਼ੀ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ, 1988 ਦੀ ਧਾਰਾ 18ਏ ਵਿੱਚ ਦਰਜ ਅਨੁਸਾਰ ਅਪਰਾਧ ਕਾਨੂੰਨ ਸੋਧ ਆਰਡੀਨੈਂਸ, 1944 ਦੀਆਂ ਵਿਵਸਥਾਵਾਂ ਦੇ ਆਧਾਰ ਉੱਤੇ ਸੁਮੇਧ ਸਿੰਘ ਸੈਣੀ ਦੀ ਮੌਜੂਦਾ ਰਿਹਾਇਸ਼ੀ ਕੋਠੀ ਨੂੰ ਅਟੈਚ ਕਰ ਦਿੱਤਾ ਜਾਵੇ।