Punjab

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਹਤਕ ਦੇ ਦੋਸ਼ ਵਿੱਚ ਅਦਾਲਤ ਵਲੋਂ ਸੰਮਨ ਜਾਰੀ

‘ਦ ਖਾਲਸ ਬਿਊਰੋ:ਪੰਜਾਬ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਤੋਂ ਬਾਅਦ ਭਗਵੰਤ ਸਿੰਘ ਮਾਨ ਦੀ ਵੀ ਅਦਾਲਤ ਦੇ ਗੇੜੇ ਮਾਰਨ ਦੀ ਵਾਰੀ ਆ ਗਈ ਹੈ। ਮਾਨਸਾ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਨੂੰ ਨੋਟਿਸ ਭੇਜ ਕੇ 21 ਜੁਲਾਈ ਲਈ ਤਲਬ ਕਰ ਲਿਆ ਹੈ। ਸਾਬਕਾ ਮੁੱਖ ਮੰਤਰੀਆਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਭੱਠਲ ਦਾ ਤਾਂ ਅਦਾਲਤ ਤੋਂ ਖਹਿੜਾ ਛੁੱਟ ਗਿਆ ਹੈ ਪਰ ਪ੍ਰਕਾਸ਼ ਸਿੰਘ ਬਾਦਲ ਦੇ ਚੱਕਰ ਹਾਲੇ ਖਤਮ ਨਹੀਂ ਹੋਏ ।ਚੌਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਈਡੀ ਦੀਆਂ ਪੌੜੀਆਂ ਚੜ੍ਹਨ ਲੱਗ ਪਏ ਹਨ ।
ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਜਿੱਤ ਗਏ ਸਨ।ਦੋ ਸਾਲ ਬਾਅਦ 2019 ਨੂੰ ਉਹਨਾਂ ਨੇ ਆਪ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫ਼ੜ੍ਹ ਲਿਆ ਸੀ ,ਜਿਸ ਨੂੰ ਲੈ ਕੇ ਭਗਵੰਤ ਮਾਨ ਨੇ ਕਥਿਤ ਤੌਰ ਤੇ ਵਿਵਾਦਤ ਟਿੱਪਣੀ ਕੀਤੀ ਸੀ ।ਭਗਵੰਤ ਮਾਨ ਜਿਹੜੇ ਕਿ ਆਪ ਪੰਜਾਬ ਦੇ ਪ੍ਰਧਾਨ ਸਨ,ਖਿਲਾਫ ਮਾਨਸ਼ਾਹੀਆ ਨੇ ਅਦਾਲਤ ਵਿੱਚ ਹੱਤਕ ਦਾ ਕੇਸ ਦਾਇਰ ਕਰ ਦਿਤਾ ਸੀ।ਅਦਾਲਤ ਵਲੋਂ ਮੁੱਖ ਮੰਤਰੀ ਮਾਨ ਨੂੰ 21 ਜੁਲਾਈ ਲਈ ਸੰਮਨ ਭੇਜ ਕੇ ਤਲਬ ਕਰ ਲਿਆ ਗਿਆ ਸੀ।
ਅਦਾਲਤ ਵਲੋਂ ਸੰਮਨ ਜਾਰੀ ਕਰਨ ਤੋਂ ਬਾਅਦ ਮੁੱਖ ਮੰਤਰੀ ਕੋਲ ਪੇਸ਼ੀ ਭੁਗਤਣ ਦੀ ਥਾਂ ਛੋਟ ਦੀ ਚਾਰਾਜੌਈ ਕਰਨ ਦਾ ਮੌਕਾ ਹੁੰਦਾ ਹੈ।ਉਂਝ ਹਤਕ ਦੇ ਕੇਸਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਜੀ ਤੌਰ ਤੇ ਪੇਸ਼ ਹੋਣਾ ਪੈਂਦਾ ਰਿਹਾ ਹੈ ਜਦ ਕਿ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਭੱਠਲ ਵਿੱਤੀ ਘਪਲਿਆਂ ਦੇ ਦੋਸ਼ ਹੇਠ ਤਰੀਕਾਂ ਭੁਗਤ ਰਹੇ ਹਨ।