Manoranjan Punjab

ਰਿਲੀਜ਼ ਤੋਂ 24 ਘੰਟੇ ਪਹਿਲਾਂ ਦਿਲਜੀਤ ਦੀ ਫਿਲਮ ‘ਤੇ ਅਦਾਲਤ ਦਾ ਵੱਡਾ ਫੈਸਲਾ ! ਚਮਕੀਲਾ ‘ਤੇ ਅਧਾਰਤ ਹੈ ਫਿਲਮ !

ਬਿਉਰੋ ਰਿਪੋਰਟ – ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ‘ਤੇ ਅਧਾਰਤ ਫਿਲਮ ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ ਹੈ । ਸ਼ੁੱਕਰਵਾਰ ਨੂੰ ਲੁਧਿਆਣਾ ਕੋਰਟ ਨੇ ਫਿਲਮ (Film)’ਤੇ ਬੈਨ ਲਗਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਜ਼ਿਲ੍ਹਾਂ ਜੱਜ ਸ਼ਾਤਿਨ ਗੋਇਲ ਦੀ ਅਦਾਲਤ ਨੇ ਇੱਕ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਨੈਟਫਲਿਕਸ (Netflix) ‘ਤੇ ਰਿਲੀਜ਼ ਹੋਣ ਵਾਲੀ ਫਿਲਮ ‘ਅਮਰ ਸਿੰਘ ਚਮਕੀਲਾ’ ‘ਤੇ ਰੋਕ ਲਗਾਉਣ ਤੋਂ ਸਾਫ ਇਨਕਾਰ ਕਰ ਦਿੱਤਾ ।

ਇਮਤਿਯਾਜ਼ ਅਲੀ ਵੱਲੋਂ ਡਾਇਰੈਕਟ ਕੀਤੀ ਗਈ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੌਪੜਾ ਮੁਖ ਭੂਮਿਕਾ ਵਿੱਚ ਹਨ । ਅਮਰ ਸਿੰਘ ਚਮਕੀਲਾ ਦਾ ਕਿਰਦਾਰ ਦਿਲਜੀਤ ਦੁਸਾਂਝ ਨੇ ਕੀਤਾ ਹੈ ਜਦਕਿ ਗਾਇਕ ਦੀ ਦੂਜੀ ਪਤਨੀ ਅਮਰਜੋਤ ਕੌਰ ਦਾ ਰੋਲ ਪਰੀਣਿਤੀ ਚੋਪੜਾ ਨੇ ਨਿਭਾਇਆ ਹੈ । ਪਟਿਆਲਾ ਦੇ ਈਸ਼ਦੀਪ ਸਿੰਘ ਰੰਧਾਵਾ ਨੇ 8 ਅਪ੍ਰੈਲ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ।

ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਬਾਇਓਪਿਕ ਦੇ ਵਿਸ਼ੇਸ਼ ਅਧਿਕਾਰ ਉਨ੍ਹਾਂ ਦੇ ਮਰਹੂਮ ਪਿਤਾ ਗੁਰਦੇਵ ਸਿੰਘ ਨੂੰ ਵੇਚੇ ਸਨ । ਜੋ ਪੰਜਾਬੀ ਫਿਲਮ ਸਨਅਤ ਵਿੱਚ ਡਾਇਰੈਕਟਰ ਅਤੇ ਪ੍ਰੋਡੂਸਰ ਸਨ। ਰੰਧਾਵਾ ਨੇ ਕਿਹਾ ਨਵੰਬਰ 2022 ਵਿੱਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਜਿਸ ਦੇ ਬਾਅਦ ਇਸ ਬਾਇਓਪਿਕ ‘ਤੇ ਉਨ੍ਹਾਂ ਦਾ ਅਧਿਕਾਰ ਹੈ ।

8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ

8 ਮਾਰਚ 1988 ਵਿੱਚ ਗਾਇਕ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਦਾ ਜਲੰਧਰ ਦੇ ਮੇਹਸਾਮਪੁਰ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਹ ਵਾਰਦਾਤ ਉਸ ਵੇਲੇ ਹੋਈ ਸੀ ਜਦੋਂ ਉਹ ਆਪਣੇ ਬੈਂਡ ਗਰੁੱਪ ਦੇ ਨਾਲ ਸ਼ੋਅ ਕਰਨ ਗਏ ਸਨ। ਚਮਕੀਲਾ ਦੀ ਉਮਰ 28 ਸਾਲ ਸੀ । ਉਨ੍ਹਾਂ ਦਾ ਕਤਲ ਅੱਜ ਵੀ ਅਣਸੁਲਝੀ ਬੁਝਾਰਤ ਹੈ ।