India Lok Sabha Election 2024

4 ਜੂਨ ਨੂੰ ਸਵੇਰੇ 8.00 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਚੋਣ ਕਮਿਸ਼ਨ ਨੇ ਅਧਿਕਾਰੀਆਂ ਲਈ ਹਦਾਇਤਾਂ ਦੀ ਹੈਂਡਬੁੱਕ ਕੀਤੀ ਜਾਰੀ

ਦੇਸ਼ ਵਿਚ ਹੋਈਆਂ ਆਮ ਚੋਣਾਂ, ਆਂਧਰਾ ਪ੍ਰਦੇਸ਼ ਤੇ ਉੜੀਸਾ ਦੀਆਂ ਵਿਧਾਨ ਸਭਾ ਚੋਣਾਂ ਅਤੇ ਕੁਝ ਵਿਧਾਨ ਸਭਾ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8.00 ਵਜੇ ਸ਼ੁਰੂ ਹੋਵੇਗੀ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਸਾਂਝੀ ਕੀਤੀ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵਿਚ ਆਮ ਚੋਣਾਂ ਤੇ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 6.00 ਵਜੇ ਸ਼ੁਰੂ ਹੋਵੇਗੀ।

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਦੇ ਨਾਲ ਸਾਰੇ ਮੁੱਖ ਚੋਣ ਅਫ਼ਸਰਾਂ ਅਤੇ ਰਿਟਰਨਿੰਗ ਅਫ਼ਸਰਾਂ ਨਾਲ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਰੁਝਾਨ ਅਤੇ ਨਤੀਜੇ ਕਮਿਸ਼ਨ ਦੀ ਵੈੱਬਸਾਈਟ ਦੇ ਨਾਲ-ਨਾਲ ਵੋਟਰ ਹੈਲਪਲਾਈਨ ਐਪ ਆਈਓਐਸ ਅਤੇ ਐਂਡਰਾਇਡ ਮੋਬਾਈਲ ਐਪਸ ‘ਤੇ ਉਪਲਬਧ ਹੋਣਗੇ।

ਵੋਟਰ ਹੈਲਪਲਾਈਨ ਐਪ ਨੂੰ ਗੂਗਲ ਪਲੇ ਸਟੋਰ ਜਾਂ ਐਪਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਪਭੋਗਤਾ ਵੋਟਰ ਹੈਲਪਲਾਈਨ ਐਪ ਤੋਂ ਚੋਣ ਖੇਤਰ-ਵਾਰ ਜਾਂ ਰਾਜ-ਵਾਰ ਨਤੀਜਿਆਂ ਦੇ ਨਾਲ-ਨਾਲ ਜੇਤੂ ਜਾਂ ਮੋਹਰੀ ਜਾਂ ਪਿੱਛੇ ਰਹਿ ਰਹੇ ਉਮੀਦਵਾਰਾਂ ਦੇ ਵੇਰਵਿਆਂ ਦਾ ਪਤਾ ਲਗਾਉਣ ਲਈ ਫਿਲਟਰ ਦੀ ਵਰਤੋਂ ਕਰ ਸਕਦੇ ਹਨ।

ਕਮਿਸ਼ਨ ਨੇ ਰਿਟਰਨਿੰਗ ਅਫ਼ਸਰਾਂ ਅਤੇ ਕਾਊਂਟਿੰਗ ਏਜੰਟਾਂ ਲਈ ਇੱਕ ਕਿਤਾਬਚਾ ਵੀ ਜਾਰੀ ਕੀਤਾ ਹੈ, ਜੋ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬਧ ਹੈ। ਗਿਣਤੀ ਦੇ ਪ੍ਰਬੰਧਾਂ, ਗਿਣਤੀ ਦੀ ਪ੍ਰਕਿਰਿਆ ਅਤੇ ਈਵੀਐਮ/ਵੀਵੀਪੀਏਟੀ ਦੀ ਸਟੋਰੇਜ ਲਈ ਕਮਿਸ਼ਨ ਦੀਆਂ ਹਦਾਇਤਾਂ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਪਹਿਲਾਂ ਹੀ ਉਪਲਬਧ ਹਨ। 543 ਲੋਕ ਸਭਾ ਸੀਟਾਂ ਦੇ ਨਾਲ, ਅਰੁਣਾਚਲ ਪ੍ਰਦੇਸ਼, ਓਡੀਸ਼ਾ, ਸਿੱਕਮ ਅਤੇ ਆਂਧਰਾ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਈਆਂ। ਸੱਤ ਪੜਾਵਾਂ ਵਿੱਚ ਹੋਈ ਵੋਟਿੰਗ ਪ੍ਰਕਿਰਿਆ ਸ਼ਨੀਵਾਰ ਨੂੰ ਪੂਰੀ ਹੋ ਗਈ।