Gujarat and Himachal Elections : ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ( Gujarat , Himachal Pradesh ) ਵਿਚ ਵਿਧਾਨ ਸਭਾ ਚੋਣਾਂ ( Assembly elections ) ਤਹਿਤ ਵੋਟਾਂ ਦੀ ਗਿਣਤੀ ਅੱਜ ਸਵੇਰੇ 8.00 ਵਜੇ ਤੋਂ ਸ਼ੁਰੂ ਹੋ ਗਈ ਹੈ। ਪੋਸਟਲ ਬੈਲਟ ਗਿਣੇ ਜਾਣ ਤੋਂ ਬਾਅਦ 8.30 ਵਜੇ ਤੋਂ ਈ ਵੀ ਐਮ ਰਾਹੀਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੋਵਾਂ ਥਾਵਾਂ ’ਤੇ ਭਾਜਪਾ ਲਈ ਸੱਤਾ ’ਤੇ ਕਾਬਜ਼ ਰਹਿਣ ਦੀ ਚੁਣੌਤੀ ਬਣੀ ਹੋਈ ਹੈ, ਜਦੋਂ ਕਿ ਕਾਂਗਰਸ ਦੋਵਾਂ ਰਾਜਾਂ ਵਿਚ ਜਿੱਤ ਦੇ ਦਾਅਵੇ ਕਰ ਰਹੀ ਹੈ ਤੇ ਦੋਵਾਂ ਰਾਜਾਂ ਵਿਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ’ਤੇ ਸਭ ਦੀ ਨਜ਼ਰ ਰਹੇਗੀ।
ਦੋਵੇਂ ਸੂਬਿਆਂ ਵਿੱਚ ਪਹਿਲੀ ਵਾਰ ਤ੍ਰਿਕੋਣਾ ਮੁਕਾਬਲਾ ਹੋਇਆ ਹੈ। ਜਿਸ ਵਿੱਚ ਆਮ ਆਦਮੀ ਪਾਰਟੀ , ਭਾਜਪਾ ਅਤੇ ਕਾਂਗਰਸ ਆਪੋ ਆਪਣੇ ਦਾਅ ਲਾ ਰਹੀਆਂ ਹਨ। ਤਿੰਨੋਂ ਪਾਰਟੀਆਂ ਦੋਹਾਂ ਰਾਜਾਂ ਵਿੱਚ ਆਪਣੀ ਸਰਕਾਰ ਬਣਨ ਦੇ ਦਾਅਵੇ ਕਰ ਰਹੀਆਂ ਹਨ ।
ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਦੋ ਗੇੜਾਂ ਵਿਚ ਚੋਣਾਂ- ਪਹਿਲੀ ਤੇ ਪੰਜ ਦਸੰਬਰ ਨੂੰ ਹੋਈਆਂ ਸਨ। ਜਦਕਿ ਹਿਮਾਚਲ ਵਿਚ ਵੋਟਾਂ 12 ਨਵੰਬਰ ਨੂੰ ਇਕੋ ਗੇੜ ਵਿਚ ਮੁਕੰਮਲ ਹੋਈਆਂ ਸਨ।
ਗੁਜਰਾਤ ਦੇ 33 ਜ਼ਿਲ੍ਹਿਆਂ ਦੀਆਂ 182 ਵਿਧਾਨ ਸਭਾ ਸੀਟਾਂ ਲਈ ਦੋ ਪੜਾਵਾਂ ਵਿਚ 1 ਦਸੰਬਰ ਅਤੇ 5 ਦਸੰਬਰ ਨੂੰ ਚੋਣਾਂ ਹੋਈਆਂ। 182 ਵਿਧਾਨ ਸਭਾ ਸੀਟਾਂ ਲਈ 37 ਗਿਣਤੀ ਕੇਂਦਰਾਂ ‘ਤੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
ਗੁਜਰਾਤ ਦੇ ਨਾਲ-ਨਾਲ ਹਰ ਕਿਸੇ ਦੀਆਂ ਨਜ਼ਰਾਂ ਹਿਮਾਚਲ ਪ੍ਰਦੇਸ਼ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 12 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਵਿਕਾਸ ਏਜੰਡੇ ਦੇ ਆਧਾਰ ‘ਤੇ ਆਪਣੀ ਚੋਣ ਸਫਲਤਾ ਨੂੰ ਦੁਹਰਾਉਣ ਦੀ ਉਮੀਦ ਕਰ ਰਹੀ ਹੈ। ਪਹਾੜੀ ਰਾਜ ਵਿੱਚ 68 ਹਲਕਿਆਂ ਵਿੱਚ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਹਿਮਾਚਲ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ 59 ਥਾਵਾਂ ’ਤੇ 68 ਗਿਣਤੀ ਕੇਂਦਰ ਬਣਾਏ ਗਏ ਹਨ। ਹਿਮਾਚਲ ਵਿਚ ਕਰੀਬ 76.44 ਪ੍ਰਤੀਸ਼ਤ ਲੋਕਾਂ ਨੇ ਵੋਟ ਹੱਕ ਦੀ ਵਰਤੋਂ ਕੀਤੀ ਸੀ। ਐਗਜ਼ਿਟ ਪੋਲ ਦੇ ਮੁਤਾਬਿਕ ਗੁਜਰਾਤ ‘ਚ ਸੱਤਾਧਾਰੀ ਭਾਜਪਾ ਭਾਵ ਭਾਰਤੀ ਜਨਤਾ ਪਾਰਟੀ ਇਕ ਵਾਰ ਫਿਰ ਤੋਂ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ, ਜਦਕਿ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਟੱਕਰ ਹੋਣ ਦੀ ਸੰਭਾਵਨਾ ਹੈ।