ਬਿਉਰੋ ਰਿਪੋਰਟ – ਹਰਿਆਣਾ ਦੀਆਂ 2 ਲੋਕ ਸਭਾ ਸੀਟਾਂ ਦੀ EVM ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡਾ ਨਿਰਦੇਸ਼ ਦਿੱਤਾ ਹੈ। ਕਮਿਸ਼ਨ ਨੇ ਗੜਬੜੀ ਦੀ ਸ਼ਿਕਾਇਤ ਤੋਂ ਬਾਅਦ ਕਰਨਾਲ ਅਤੇ ਫਰੀਦਾਬਾਦ ਸੀਟ ‘ਤੇ EVM ਗੜਬੜੀ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਕਰਨਾਲ ਸੀਟ ਤੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਜਿੱਤੇ ਸਨ ਜਦਕਿ ਫਰੀਦਾਬਾਦ ਸੀਟ ਤੋਂ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਲਾਲ ਗੁੱਜਰ ਨੇ ਜਿੱਤ ਹਾਸਲ ਕੀਤੀ ਸੀ।
ਇੰਨਾਂ ਦੋਵਾਂ ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ਦੌਰਾਨ ਬੇਨਿਯਮੀਆਂ ਹੋਣ ਦਾ ਸ਼ੱਕ ਜਤਾਇਆ ਸੀ। ਕਰਨਾਲ ਤੋਂ ਕਾਂਗਰਸੀ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਅਤੇ ਫਰੀਦਾਬਾਦ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਨੇ ਵੋਟਿੰਗ ‘ਚ ਗੜਬੜੀ ਦਾ ਇਲਜ਼ਾਮ ਲਗਾਇਆ ਸੀ ਅਤੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ EVM ਦੀ ਜਾਂਚ ਦੀ ਮੰਗ ਕੀਤੀ ਸੀ। ਚੋਣ ਕਮਿਸ਼ਨ ਮੁਤਾਬਕ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਈਵੀਐਮ ਚੈੱਕ ਕਰਵਾਈ ਜਾਵੇਗੀ। ਕਰਨਾਲ ‘ਚ 2 ਈਵੀਐਮ ਅਤੇ ਪਾਣੀਪਤ ਸ਼ਹਿਰ ਦੀਆਂ 2 ਈਵੀਐਮ ਚੈੱਕ ਕਰਵਾਈਆਂ ਜਾਣਗੀਆਂ। ਯਾਨੀ ਕਰਨਾਲ ਲੋਕ ਸਭਾ ਸੀਟ ਦੀਆਂ 4 ਈਵੀਐਮ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫਰੀਦਾਬਾਦ ਲੋਕ ਸਭਾ ਸੀਟ ਦੇ ਬਡਕਲ ਬੂਥ ਦੀਆਂ 2 ਈਵੀਐਮ ਚੈੱਕ ਹੋਣਗੀਆਂ।
ਭਾਰਤੀ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ 2024 ਵਿੱਚ EVM ਖਰਾਬ ਹੋਣ ਦੀਆਂ 8 ਸ਼ਿਕਾਇਤਾਂ ਮਿਲਿਆ ਸਨ। ਇੰਨਾਂ ਵਿੱਚੋਂ ਹਰਿਆਣਾ ਦੀਆਂ 2 ਸੀਟਾਂ ਵੀ ਸ਼ਾਮਲ ਹਨ। ਕਰਨਾਲ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਮਨੋਹਰ ਲਾਲ ਖੱਟਰ ਨੇ 2 ਲੱਖ 32 ਹਜ਼ਾਰ 577 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਜਦਕਿ ਫਰੀਦਾਬਾਦ ਤੋਂ ਬੀਜੇਪੀ ਦੇ ਕ੍ਰਿਸ਼ਨਪਾਲ ਗੁੱਜਰ ਨੇ 1 ਲੱਖ 72 914 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਪਹਿਲੀ ਵਾਰ ਹੋਵੇਗੀ ਚੈਕਿੰਗ
ਚੋਣ ਕਮਿਸ਼ਨ ਨੇ ਪਹਿਲੀ ਵਾਰ EVM ਦੀ ਜਾਂਚ ਨੂੰ ਲੈਕੇ ਨਿਰਦੇਸ਼ ਜਾਰੀ ਕੀਤੇ ਹਨ, 4 ਜੂਨ ਨੂੰ ਵੋਟਿੰਗ ਤੋਂ ਪਹਿਲਾਂ 1 ਜੂਨ ਨੂੰ ਚੋਣ ਕਮਿਸ਼ਨ ਨੇ ਗਾਈਡਲਾਈਨ ਜਾਰੀ ਕੀਤ ਸੀ। ਜਿਹੜਾ ਵੀ ਉਮੀਦਵਾਰ ਦੂਜੇ ਨੰਬਰ ‘ਤੇ ਹੈ, ਉਹ EVM ਦੀ ਜਾਂਚ ਲਈ ਅਪਲਾਈ ਕਰ ਸਕਦਾ ਹੈ। ਇਸ ਦੇ ਲਈ ਕਮਿਸ਼ਨ ਵੱਲੋਂ ਈਵੀਐਮ ਦੀ ਜਾਂਚ ਕਰਵਾਉਣ ਲਈ 50 ਹਜ਼ਾਰ ਰੁਪਏ ਦੀ ਫੀਸ ਰੱਖੀ ਗਈ ਹੈ। ਹਾਲਾਂਕਿ, ਇਸਦੇ ਲਈ ਉਮੀਦਵਾਰ ਨੂੰ ਨਤੀਜਾ ਘੋਸ਼ਿਤ ਹੋਣ ਦੇ 7 ਦਿਨਾਂ ਦੇ ਅੰਦਰ ਅਪਲਾਈ ਕਰਨਾ ਜ਼ਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ –ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਹੋਇਆ ਦੇਹਾਂਤ, ਕ੍ਰਿਕਟ ਪ੍ਰੇਮੀਆਂ ‘ਚ ਸੋਗ ਦੀ ਲਹਿਰ