‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਵਿਸ਼ਵ ਸਿਹਤ ਸੰਗਠਨ ਵੱਲੋਂ B.1.617 ਨੂੰ ਭਾਰਤੀ ਵੈਰੀਏਂਟ ਕਹਿਣ ‘ਤੇ ਮੋਦੀ ਸਰਕਾਰ ਨੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਯਾਨੀ ਕੇ ਡਬਲਿਊਐੱਚਓ ਨੇ ਕੋਰੋਨਾ ਦੇ B.1.617 ਵੈਰੀਏਂਟ ਨੂੰ ਕਦੇ ਵੀ ਭਾਰਤੀ ਵੈਰੀਏਂਟ ਨਹੀਂ ਕਿਹਾ ਹੈ।
ਦਰਅਸਲ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਕੋਰੋਨਾ ਦਾ B.1.617 ‘ਵੈਰੀਏਂਟ ਆਫ ਗਲੋਬਲ ਕੰਸਰਨ’ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮੀਡੀਆ ਵਿੱਚ ਇਸਨੂੰ ਭਾਰਤੀ ਵੈਰੀਏਂਟ ਕਿਹਾ ਗਿਆ ਸੀ, ਜਦਕਿ ਇਹ ਬਿਨਾਂ ਕਿਸੇ ਅਧਾਰ ਦੇ ਹੈ। ਮੰਤਰਾਲੇ ਨੇ ਕਿਹਾ ਹੈ ਕਿ ਡਬਲਿਊਐੱਚਓ ਨੇ ਜਿਹੜੇ 32 ਪੇਜਾਂ ਦਾ ਦਸਤਾਵੇਜ ਤਿਆਰ ਕੀਤਾ ਹੈ, ਉਸ ਵਿੱਚ ਕਿਤੇ ਵੀ ਇਸਦਾ ਜ਼ਿਕਰ ਨਹੀਂ ਹੈ। ਡਬਲਿਊਐੱਚਓ ਨੇ ਵੀ ਬਿਆਨ ਦਿੱਤਾ ਹੈ ਕਿ ਉਹ ਕਿਸੇ ਵੀ ਵੈਰੀਏਂਟ ਨੂੰ ਕਿਸੇ ਦੇਸ਼ ਦੇ ਨਾਂ ਤੋਂ ਨਹੀਂ ਸੰਬੋਧਨ ਕਰਦਾ ਹੈ।
ਕਈ ਮੀਡੀਆ ਆਦਾਰਿਆਂ ਨੇ ਛਾਪੀ ਹੈ ਖਬਰ
ਜ਼ਿਕਰਯੋਗ ਹੈ ਕਿ ਦ ਹਿੰਦੂ, ਐੱਨਡੀਟੀਵੀ ਅਤੇ ਬੀਬੀਸੀ ਨਿਊਜ ਵਿਚ ਡਬਲਿਊਐੱਚਓ ਦੇ ਭਾਰਤੀ ਵੈਰੀਏਂਟ ਬਾਰੇ ਖਬਰ ਪ੍ਰਕਾਸ਼ਿਤ ਹੋਈ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੈਰੀਏਂਟ ਨੂੰ ਕਿਸੇ ਦੇਸ਼ ਦੇ ਨਾਂ ਨਾਲ ਸੰਬੋਧਨ ਨਹੀਂ ਕੀਤਾ ਗਿਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਸਾਇਟ, ਟਵਿੱਟਰ ਉੱਤੇ ਵੀ ਅਜਿਹੀ ਕੋਈ ਖਬਰ ਨਹੀਂ ਹੈ। 7 ਮਈ ਤੋਂ ਬਾਅਦ ਇਸ ਨਾਲ ਜੁੜੀ ਕੋਈ ਵੀ ਸੂਚਨਾ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਂਝੀ ਨਹੀਂ ਕੀਤੀ ਗਈ ਹੈ।