Punjab

ਕਰੋਨਾ ਟੀਕਾ ਲਗਵਾਉਣ ਦੀ ਤਿਆਰੀ ਕਰ ਰਹੇ ਲੋਕ ਪੜ੍ਹ ਲੈਣ ਇਹ ਖਬਰ

‘ਦ ਖ਼ਾਲਸ ਬਿਊਰੋ :- ਅੱਜ ਦੇਸ਼ ਭਰ ਵਿੱਚ ਕਰੋਨਾ ਟੀਕਾਕਰਨ ਦੀ ਸ਼ੁਰੂਆਤ ਹੋ ਗਈ ਹੈ ਪਰ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕਰੋਨਾ ਵੈਕਸੀਨ ਦੀ ਘਾਟ ਕਾਰਨ ਅੱਜ ਟੀਕਾਕਰਨ ਦੀ ਸ਼ੁਰੂਆਤ ਨਹੀਂ ਕੀਤੀ ਗਈ। ਪੰਜਾਬ ਸਰਕਾਰ ਨੇ ਕਰੋਨਾ ਤੋਂ ਬਚਾਅ ਲਈ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਕੋਵਿਡ-19 ਟੀਕਾਕਰਨ ਦੇ ਅਮਲ ਨੂੰ ‘ਵੈਕਸੀਨ ਉਪਲੱਬਧ ਨਾ ਹੋਣ’ ਕਾਰਨ ਮੁਲਤਵੀ ਕਰ ਦਿੱਤਾ ਹੈ।

ਅੱਜ ਦੇਸ਼ ਭਰ ਵਿੱਚ ਕੋਵਿਡ ਟੀਕਾਕਰਨ ਦਾ ਤੀਜਾ ਗੇੜ ਸ਼ੁਰੂ ਹੋਣਾ ਹੈ, ਜਿਸ ਦੇ ਤਹਿਤ 18 ਸਾਲ ਤੋਂ 44 ਸਾਲ ਦੀ ਉਮਰ ਵਰਗ ਦੇ ਲੋਕਾਂ ਨੂੰ ਟੀਕੇ ਲਗਾਏ ਜਾਣੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਵੈਕਸੀਨ ਦੀਆਂ ਢੁੱਕਵੀਆਂ ਖੁਰਾਕਾਂ ਉਪਲੱਬਧ ਨਾ ਹੋਣ ਕਰਕੇ ਟੀਕਾਕਰਨ ਦੇ ਤੀਜੇ ਗੇੜ ਨੂੰ ਮਿੱਥੇ ਦਿਨ ਮੁਤਾਬਕ ਸ਼ੁਰੂ ਨਹੀਂ ਕੀਤਾ ਜਾ ਸਕਦਾ।

ਕੈਪਟਨ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਅੱਜ ਟੀਕਾਕਰਨ ਦਾ ਕੰਮ ਬੰਦ ਰਹੇਗਾ। ਉਨ੍ਹਾਂ ਕਿਹਾ ਕਿ ਸਾਰੇ ਨਿੱਜੀ ਹਸਪਤਾਲਾਂ ਨੇ ਅਣਵਰਤੀਆਂ ਵੈਕਸੀਨਾਂ ਸ਼ੁੱਕਰਵਾਰ ਸ਼ਾਮ ਤੱਕ ਕੇਂਦਰ ਸਰਕਾਰ ਨੂੰ ਮੋੜਨੀਆਂ ਸਨ, ਹਾਲਾਂਕਿ, ਇਨ੍ਹਾਂ ਹਸਪਤਾਲਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਉਣ ਲਈ ਵੈਕਸੀਨ ਮੌਜੂਦ ਨਹੀਂ ਹੈ। ਕੈਪਟਨ ਨੇ ਕਿਹਾ ਕਿ ਉਹ ਸੂਬੇ ਵਿੱਚ ਵੈਕਸੀਨ ਦੀ ਕਿੱਲਤ ਨੂੰ ਲੈ ਕੇ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਨ।