‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾ ਨੂੰ ਲੈ ਕੇ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਹੈ। ਪ੍ਰਸ਼ਾਸਨ ਦੀਆਂ ਤਾਜ਼ਾ ਹਦਾਇਤਾਂ ਮੁਤਾਬਕ ਦਸਵੀਂ ਤੋਂ ਬਾਰ੍ਹਵੀ ਤੱਕ ਦੀਆਂ ਕਲਾਸਾਂ ਇੱਕ ਫਰਵਰੀ ਤੋਂ ਲੱਗਣੀਆਂ ਸ਼ੁਰੂ ਹੋ ਜਾਣਗੀਆ ਜਦਕਿ ਕਾਲਜ ਅਤੇ ਯੂਨੀਵਰਸਿਟੀਆਂ ਆਮ ਦੀ ਤਰ੍ਹਾਂ ਲੱਗਣੇ ਸ਼ੁਰੂ ਹੋ ਜਾਣਗੇ। ਚੰਡੀਗੜ੍ਹ ਦੀ ਸੁਖਨਾ ਝੀਲ ਆਮ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ ਅਤੇ ਆਪਣੀ ਮੰਡੀ ‘ਤੇ ਵੀ ਪਾਬੰਦੀ ਹਟਾ ਲ਼ਈ ਗਈ ਹੈ। ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਕਰੋਨਾ ਦੇ ਕੇਸਾਂ ਵਿੱਚ ਆਈ ਕਮੀ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਚੰਡੀਗੜ੍ਹ ਦੇ ਜਿਮ ਅਤੇ ਹੈਲਥ ਸੈਂਟਰ 50 ਫ਼ੀਸਦੀ ਦੀ ਸਮਰੱਥਾ ਨਾਲ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਕੋਚਿੰਗ ਸੈਂਟਰਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਕਲਾਸਾਂ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਦੇ ਨਵੇਂ ਹੁਕਮ 28 ਫਰਵਰੀ ਤੱਕ ਲਾਗੂ ਰਹਿਣਗੇ। ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 205 ਦੇ ਸੈਕਸ਼ਨ 188 ਤਹਿਤ ਕਾਰਵਾਈ ਕੀਤੀ ਜਾਵੇਗੀ।